IMG-LOGO
ਹੋਮ ਰਾਸ਼ਟਰੀ, ਖੇਡਾਂ, ਨਿਊ ਚੰਡੀਗੜ੍ਹ 'ਚ ਇਤਿਹਾਸ ਰਚਣ ਲਈ ਤਿਆਰ ਮੁੱਲਾਂਪੁਰ ਸਟੇਡੀਅਮ: 6...

ਨਿਊ ਚੰਡੀਗੜ੍ਹ 'ਚ ਇਤਿਹਾਸ ਰਚਣ ਲਈ ਤਿਆਰ ਮੁੱਲਾਂਪੁਰ ਸਟੇਡੀਅਮ: 6 ਜੂਨ ਤੋਂ ਭਾਰਤ-ਅਫ਼ਗਾਨਿਸਤਾਨ ਟੈਸਟ ਟਕਰਾਅ, ਗਿੱਲ ਸੰਭਾਲਣਗੇ ਕਪਤਾਨੀ

Admin User - Jun 04, 2026 01:27 PM
IMG

ਆਈਪੀਐਲ (IPL) ਦਾ ਰੋਮਾਂਚ ਖ਼ਤਮ ਹੋਣ ਤੋਂ ਬਾਅਦ ਹੁਣ ਕ੍ਰਿਕਟ ਪ੍ਰਸ਼ੰਸਕਾਂ ਸਿਰ ਟੈਸਟ ਕ੍ਰਿਕਟ ਦਾ ਖ਼ੁਮਾਰ ਚੜ੍ਹਨ ਜਾ ਰਹੀ ਹੈ। ਭਾਰਤ ਅਤੇ ਅਫ਼ਗਾਨਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਕਾਰ 6 ਜੂਨ ਤੋਂ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਟੇਡੀਅਮ ਵਿਖੇ ਇੱਕ ਇਤਿਹਾਸਕ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਵੱਕਾਰੀ ਮੁਕਾਬਲੇ ਲਈ ਦੋਵੇਂ ਟੀਮਾਂ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ ਅਤੇ ਨੈੱਟ 'ਤੇ ਪਸੀਨਾ ਵਹਾ ਰਹੀਆਂ ਹਨ। ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਇਤਿਹਾਸਕ ਗੁਰਦੁਆਰਾ ਨਾਡਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਜਿੱਤ ਲਈ ਗੁਰੂ ਘਰ ਦਾ ਅਸ਼ੀਰਵਾਦ ਲਿਆ।


ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਅਨੁਸਾਰ ਇਹ ਮੈਚ ਕਈ ਮਾਇਨਿਆਂ ਵਿੱਚ ਖ਼ਾਸ ਹੈ। ਪਹਿਲਾ, ਇਹ ਮੁੱਲਾਂਪੁਰ ਦੇ ਨਵੇਂ ਸਟੇਡੀਅਮ ਵਿੱਚ ਖੇਡਿਆ ਜਾਣ ਵਾਲਾ ਸਭ ਤੋਂ ਪਹਿਲਾ ਅੰਤਰਰਾਸ਼ਟਰੀ ਟੈਸਟ ਮੈਚ ਹੋਵੇਗਾ। ਇਸ ਦੇ ਨਾਲ ਹੀ ਇਹ ਭਾਰਤ ਦਾ 31ਵਾਂ ਅਤੇ ਪੰਜਾਬ ਦਾ ਤੀਜਾ ਅਧਿਕਾਰਤ ਟੈਸਟ ਸੈਂਟਰ ਬਣ ਜਾਵੇਗਾ। ਦੂਜਾ, ਪੰਜਾਬ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਪਹਿਲੀ ਵਾਰ ਟੈਸਟ ਫਾਰਮੈਟ ਵਿੱਚ ਟੀਮ ਇੰਡੀਆ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਤੀਜਾ, ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਗੁਰਨੂਰ ਸਿੰਘ ਬਰਾੜ ਨੂੰ ਵੀ ਭਾਰਤੀ ਸਕੁਐਡ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਸਥਾਨਕ ਪ੍ਰਸ਼ੰਸਕਾਂ ਲਈ ਖਿੱਚ ਦਾ ਕੇਂਦਰ ਰਹਿਣਗੇ।


ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਇਸ ਤੋਂ ਪਹਿਲਾਂ ਸਾਲ 2018 ਵਿੱਚ ਇੱਕਮਾਤਰ ਟੈਸਟ ਮੈਚ ਖੇਡਿਆ ਗਿਆ ਸੀ, ਜਿਸ ਵਿੱਚ ਅਜਿੰਕਿਆ ਰਹਾਣੇ ਦੀ ਕਪਤਾਨੀ ਹੇਠ ਭਾਰਤ ਨੇ ਜਿੱਤ ਦਰਜ ਕੀਤੀ ਸੀ। ਇਸ ਵਾਰ ਅਫ਼ਗਾਨਿਸਤਾਨ ਦੇ ਮਜ਼ਬੂਤ ਸਪਿਨ ਹਮਲੇ ਨੂੰ ਦੇਖਦਿਆਂ ਮੁੱਖ ਕੋਚ ਗੌਤਮ ਗੰਭੀਰ ਨੇ ਪਿੱਚ ਕਿਊਰੇਟਰ ਨਾਲ ਲੰਮੀ ਚਰਚਾ ਕੀਤੀ ਹੈ।


ਭਾਰਤੀ ਟੀਮ ਇਸ ਵਾਰ ਸਪਿਨ ਵਿਭਾਗ ਵਿੱਚ ਥੋੜ੍ਹੀ ਨਵੀਂ ਨਜ਼ਰ ਆ ਰਹੀ ਹੈ, ਕਿਉਂਕਿ ਰਵੀਚੰਦਰਨ ਅਸ਼ਵਿਨ ਸੰਨਿਆਸ ਲੈ ਚੁੱਕੇ ਹਨ ਅਤੇ ਰਵਿੰਦਰ ਜਡੇਜਾ ਤੇ ਅਕਸ਼ਰ ਪਟੇਲ ਇਸ ਸੀਰੀਜ਼ ਦਾ ਹਿੱਸਾ ਨਹੀਂ ਹਨ। ਟੀਮ ਦੀ ਜ਼ਿੰਮੇਵਾਰੀ ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਦੇ ਮੋਢਿਆਂ 'ਤੇ ਹੋਵੇਗੀ, ਜਦਕਿ ਨੌਜਵਾਨ ਹਰਸ਼ ਦੂਬੇ ਨੂੰ ਪਹਿਲੀ ਵਾਰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਟੀਮ ਦੀ ਮਦਦ ਲਈ ਸਪਿਨ ਗੇਂਦਬਾਜ਼ੀ ਕੋਚ ਸਾਈਰਾਜ ਬਹੁਤੁਲੇ ਵੀ ਅਭਿਆਸ ਸੈਸ਼ਨਾਂ ਵਿੱਚ ਜੁਟ ਗਏ ਹਨ। ਇਸ ਦੌਰਾਨ ਗੁਰਜਪਨੀਤ ਸਿੰਘ, ਆਕਿਬ ਨਬੀ, ਪ੍ਰਿੰਸ ਯਾਦਵ, ਸਰਾਂਸ਼ ਜੈਨ, ਜੀਸ਼ਾਨ ਅੰਸਾਰੀ ਅਤੇ ਸ਼ਿਵਾਂਗ ਕੁਮਾਰ ਬਤੌਰ ਨੈੱਟ ਗੇਂਦਬਾਜ਼ ਟੀਮ ਨਾਲ ਸਹਿਯੋਗ ਕਰ ਰਹੇ ਹਨ।


ਪੀਸੀਏ (PCA) ਵੱਲੋਂ ਕੀਤੇ ਗਏ ਐਲਾਨ ਮੁਤਾਬਕ ਇਹ ਟੈਸਟ ਮੈਚ 6 ਤੋਂ 10 ਜੂਨ ਤੱਕ ਖੇਡਿਆ ਜਾਵੇਗਾ। ਗਰਮੀਆਂ ਦੀਆਂ ਛੁੱਟੀਆਂ ਨੂੰ ਦੇਖਦੇ ਹੋਏ ਟਿਕਟਾਂ ਦੀਆਂ ਕੀਮਤਾਂ ਬਹੁਤ ਹੀ ਕਿਫ਼ਾਇਤੀ ਰੱਖੀਆਂ ਗਈਆਂ ਹਨ, ਜੋ ਕਿ ਸਿਰਫ਼ 250 ਰੁਪਏ ਤੋਂ ਸ਼ੁਰੂ ਹੁੰਦੀਆਂ ਹਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸੇ ਇੱਕ ਟਿਕਟ 'ਤੇ ਦਰਸ਼ਕ ਪੂਰੇ 5 ਦਿਨ ਮੈਚ ਦਾ ਆਨੰਦ ਮਾਣ ਸਕਦੇ ਹਨ। ਪੀਸੀਏ ਪ੍ਰਸ਼ਾਸਨ ਨੇ ਮਾਪਿਆਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ ਕਿ ਉਹ ਛੁੱਟੀਆਂ ਦੌਰਾਨ ਬੱਚਿਆਂ ਨੂੰ ਅੰਤਰਰਾਸ਼ਟਰੀ ਕ੍ਰਿਕਟ ਦਾ ਲਾਈਵ ਅਨੁਭਵ ਕਰਵਾਉਣ ਅਤੇ ਪੰਜਾਬ ਦੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਵੱਡੀ ਗਿਣਤੀ ਵਿੱਚ ਸਟੇਡੀਅਮ ਲੈ ਕੇ ਪਹੁੰਚਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.