IMG-LOGO
ਹੋਮ ਅੰਤਰਰਾਸ਼ਟਰੀ: ਅਮਰੀਕਾ 'ਚ 'ਆਪ੍ਰੇਸ਼ਨ ਚੈੱਕਮੇਟ' ਤਹਿਤ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ,...

ਅਮਰੀਕਾ 'ਚ 'ਆਪ੍ਰੇਸ਼ਨ ਚੈੱਕਮੇਟ' ਤਹਿਤ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ, ਜਲਦ ਕੀਤੇ ਜਾਣਗੇ ਡਿਪੋਰਟ

Admin User - Jun 02, 2026 11:00 AM
IMG

ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਚਲਾਈ ਜਾ ਰਹੀ ਸਖ਼ਤ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (CBP) ਨੇ ਐਰੀਜ਼ੋਨਾ ਦੇ ਯੁਮਾ ਸੈਕਟਰ ਵਿੱਚ 'ਆਪ੍ਰੇਸ਼ਨ ਚੈੱਕਮੇਟ' (Operation Checkmate) ਚਲਾ ਕੇ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ 30 ਭਾਰਤੀ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਨੂੰ ਜਲਦੀ ਹੀ ਭਾਰਤ ਵਾਪਸ (ਡਿਪੋਰਟ) ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।


ਸਰਕਾਰੀ ਬਿਆਨ ਅਨੁਸਾਰ, ਬਾਰਡਰ ਪੈਟਰੋਲ ਏਜੰਟਾਂ ਨੇ 11 ਤੋਂ 15 ਮਈ ਦੇ ਵਿਚਕਾਰ ਕੀਤੀ ਚੈਕਿੰਗ ਦੌਰਾਨ ਕੁੱਲ 52 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਵਿੱਚੋਂ 36 ਵਪਾਰਕ ਟਰੱਕ ਚਲਾਉਂਦੇ ਪਾਏ ਗਏ। ਫੜੇ ਗਏ 36 ਡਰਾਈਵਰਾਂ ਵਿੱਚੋਂ 30 ਭਾਰਤ ਦੇ ਰਹਿਣ ਵਾਲੇ ਹਨ, ਜਦੋਂ ਕਿ ਬਾਕੀ 6 ਮੈਕਸੀਕੋ, ਰੂਸ ਅਤੇ ਅਲ ਸੈਲਵਾਡੋਰ ਨਾਲ ਸਬੰਧਤ ਹਨ।


ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਡਰਾਈਵਰਾਂ ਕੋਲ ਸਾਬਕਾ ਰਾਸ਼ਟਰਪਤੀ ਜੋਅ ਬਿਡੇਨ ਦੇ ਪ੍ਰਸ਼ਾਸਨ ਦੌਰਾਨ ਜਾਰੀ ਕੀਤੇ ਗਏ 'ਰੁਜ਼ਗਾਰ ਅਧਿਕਾਰ ਦਸਤਾਵੇਜ਼' (EAD) ਸਨ, ਜੋ ਹੁਣ ਕਾਨੂੰਨੀ ਤੌਰ 'ਤੇ ਵੈਧ ਨਹੀਂ ਰਹੇ। ਹੁਣ ਇਨ੍ਹਾਂ ਸਾਰਿਆਂ ਖ਼ਿਲਾਫ਼ ਸੰਘੀ ਕਾਨੂੰਨ (Federal Law) ਤਹਿਤ ਮੁਕੱਦਮਾ ਦਰਜ ਕਰਕੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।


ਫੜੇ ਗਏ ਮੁਲਜ਼ਮਾਂ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਵਰਗੇ ਵੱਡੇ ਰਾਜਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਨ, ਜਦੋਂ ਕਿ ਕਈ ਡਰਾਈਵਰਾਂ ਕੋਲ ਕੋਈ ਵੀ ਵੈਧ ਲਾਇਸੈਂਸ ਨਹੀਂ ਸੀ। ਯੂਐਸ ਬਾਰਡਰ ਪੈਟਰੋਲ ਦੇ ਕਾਰਜਕਾਰੀ ਮੁੱਖ ਪੈਟਰੋਲਿੰਗ ਏਜੰਟ ਡਸਟਿਨ ਕੌਡਲ ਨੇ ਕਿਹਾ:


"ਆਪ੍ਰੇਸ਼ਨ ਚੈੱਕਮੇਟ ਸਾਡੀਆਂ ਸੜਕਾਂ ਅਤੇ ਭਾਈਚਾਰਿਆਂ ਨੂੰ ਅਜਿਹੇ ਗੈਰ-ਕਾਨੂੰਨੀ ਡਰਾਈਵਰਾਂ ਤੋਂ ਸੁਰੱਖਿਅਤ ਰੱਖਣ ਲਈ ਇੱਕ ਅਹਿਮ ਕਦਮ ਹੈ, ਜੋ ਬਿਨਾਂ ਪੁਖ਼ਤਾ ਦਸਤਾਵੇਜ਼ਾਂ ਦੇ ਵਪਾਰਕ ਵਾਹਨ ਚਲਾ ਕੇ ਜਨਤਕ ਸੁਰੱਖਿਆ ਲਈ ਵੱਡਾ ਖ਼ਤਰਾ ਪੈਦਾ ਕਰਦੇ ਹਨ।"


ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਹੇਠ ਅਮਰੀਕੀ ਆਵਾਜਾਈ ਵਿਭਾਗ ਨੇ ਸਖ਼ਤ ਆਦੇਸ਼ ਜਾਰੀ ਕੀਤੇ ਹੋਏ ਹਨ, ਜਿਸ ਤਹਿਤ ਅਯੋਗ ਜਾਂ ਗੈਰ-ਕਾਨੂੰਨੀ ਵਿਦੇਸ਼ੀ ਡਰਾਈਵਰਾਂ ਨੂੰ ਵਪਾਰਕ ਟਰੱਕ ਜਾਂ ਬੱਸਾਂ ਚਲਾਉਣ ਲਈ ਲਾਇਸੈਂਸ ਜਾਰੀ ਕਰਨ 'ਤੇ ਮੁਕੰਮਲ ਰੋਕ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਅਮਰੀਕਾ ਵਿੱਚ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਵੱਲੋਂ ਕੀਤੇ ਗਏ ਘਾਤਕ ਸੜਕ ਹਾਦਸਿਆਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਵੱਲੋਂ ਹੁਣ ਹਾਈਵੇਅ 'ਤੇ ਚੈਕਿੰਗ ਹੋਰ ਸਖ਼ਤ ਕਰ ਦਿੱਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.