IMG-LOGO
ਹੋਮ ਪੰਜਾਬ, ਰਾਸ਼ਟਰੀ, ਲਾਹੌਰ ਦੀ ਆਖਰੀ ਰਾਤ ‘ਚ ਪੰਜਾਬੀ ਸ਼ਾਇਰਾਂ ਦੀ ਮਹਿਫ਼ਲ, ਵਿਛੋੜੇ...

ਲਾਹੌਰ ਦੀ ਆਖਰੀ ਰਾਤ ‘ਚ ਪੰਜਾਬੀ ਸ਼ਾਇਰਾਂ ਦੀ ਮਹਿਫ਼ਲ, ਵਿਛੋੜੇ ਦੀਆਂ ਘੜੀਆਂ ਬਣੀਆਂ ਯਾਦਗਾਰ

Admin User - May 31, 2026 10:01 PM
IMG

ਗੁਰਭਜਨ ਗਿੱਲ

ਲਾਹੌਰ (ਪਾਕਿਸਤਾਨ) ਦੀ  ਵਿਸ਼ਵ ਪੰਜਾਬੀ ਕਾਨਫਰੰਸ 2024 ਦੀ ਆਖਰੀ ਰਾਤ ਸੀ ਸਾਡੀ ਡੇਵਿਸ  ਰੋਡ ਵਾਲੇ ਪਾਕ ਹੈਰੀਟੇਜ ਹੋਟਲ ਵਿੱਚ। 

ਸਿਰਕੱਢ ਪੰਜਾਬੀ ਕਵੀ ਬਾਬਾ ਨਜਮੀ ਤੇ ਅਫ਼ਜ਼ਲ ਸਾਹਿਰ ਰਾਤ ਨੂੰ ਹੀ ਅਲਵਿਦਾ ਕਹਿਣ ਆ ਗਏ। ਕਹਿਣ ਲੱਗੇ, ਸਵੇਰੇ ਉੱਠਿਆਂ ਨਹੀਂ ਜਾਣਾ। ਨਾਲੇ ਵਿੱਛੜਦੇ ਯਾਰਾਂ ਦੀ ਪਿੱਠ ਨਹੀਂ ਵੇਖੀ ਨਹੀਂ ਜਾਂਦੀ, ਭਾਵੇਂ ਸਵੇਰ ਹੀ ਕਿਉਂ ਨਾ ਹੋਵੇ। 

ਅੱਧੀ ਰਾਤ ਤੀਕ ਸਾਡੇ ਕਮਰੇ ਵਿੱਚ ਮੇਲਾ ਲੱਗਾ ਰਿਹਾ। ਦੋ ਆਈ ਜਾਣ ਦੋ ਜਾਈ ਜਾਣ, ਕਿੰਨੂ ਤੇ ਅਮਰੂਦਾਂ ਦਾ ਸਦਾਵਰਤ ਲੱਗਿਆ ਰਿਹਾ। ਸਰਗੋਧੇ ਤੌਂ ਆਏ ਫ਼ਲਾਂ ਦੇ ਟੋਕਰੇ ਜ਼ਿੰਦਾਬਾਦ। 

ਸਹਿਜਪ੍ਰੀਤ ਮੁੱਖ ਪ੍ਰਬੰਧਕ ਹੋਣ ਕਾਰਨ ਮੇਰੇ ਨਾਲ ਲਿਹਾਜ਼ ਪੂਰ ਗਿਆ। ਮੇਰਾ ਕਮਰਾ ਦੋਹਰਾ ਸੀ ਅੱਗੇ ਬੈਠਕ ਸੋਫਿਆਂ ਵਾਲੀ ਤੇ ਪਿੱਛੇ ਸੌਣ ਕਮਰਾ।  

ਆਖਰੀ ਦਿਨ ਹੀ ਕੋਰੀਅਰ ਰਾਹੀਂ ਖੱਡੀ ਤੇ ਬੁਣੀ ਕਾਲੀ ਲੋਈ ਪਹੁੰਚੀ  ਸੀ ਹੋਟਲ ਦੇ ਪਤੇ  ਤੇ  ਕੋਰੀਅਰ ਰਾਹੀਂ। ਪੂਰੇ ਅਮਰੀਕਨ ਸੌ ਡਾਲਰ ਦੀ। ਬੇਅੰਤ ਨਿੱਘੀ।  ਮੇਰੀ ਇਸ ਲੋਈ ਦੀ ਬੁੱਕਲ ਵਿੱਚ ਹਮੇਸ਼ ਵਾਂਗ ਪਹਿਲਾਂ ਬਾਬਾ ਨਜਮੀ ਵੜਿਆ, ਫਿਰ ਅਫਜ਼ਲ ਸਾਹਿਰ।  ਤ੍ਰੈਲੋਚਨ ਲੋਚੀ ਬੋਲਿਆ, ਲੋਈ ਦੀ ਇੱਕ ਕੰਨੀ ਮੈਨੂੰ ਵੀ ਫੜਾ ਦਿਉ, ਮੈਂ ਵੀ ਤਾਂ ਮੁਕਤਸਰੋਂ ਆਇਆਂ। ਉਹ ਵੀ ਵਿੱਚੇ ਆ ਗਿਆ। ਚਹੁੰ ਜਣਿਆਂ ਤੇ ਲਈ ਲੋਈ  ਦਾ ਦ੍ਰਿਸ਼ ਅਸਾਂ ਕਿਸੇ ਨੂੰ ਬੇਨਤੀ ਕਰਕੇ ਸੰਭਾਲ ਲਿਆ। 

ਇਸ ਬੁੱਕਲ ਵਿੱਚ ਵੜਨੋਂ ਪਹਿਲਾਂ ਬਾਬਾ ਨਜਮੀ ਨੇ ਆਪਣੀ ਇਹ ਗ਼ਜ਼ਲ ਸਾਨੂੰ ਸੁਣਾਈ। 


ਵਾਰਸ, ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ ।

ਕਿਸਰਾਂ ਆਖਾਂ ਮਾਂ ਬੋਲੀ ਦੇ 'ਬਰਖ਼ੁਦਾਰ' ਪੰਜਾਬੀ ਨੇ ।


ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ,

ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ ।


ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ,

ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ ।


ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ,

ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ ।


ਕੰਡ ਕਦੇ ਨਾ ਲੱਗੇ ਰੱਬਾ ਵਿਚ ਮੈਦਾਨੇ ਉਹਨਾਂ ਦੀ,

ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ ।


ਖ਼ਵਾਜਾ 'ਫ਼ਰੀਦ', ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ,

ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ ।


ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁੱਟਦਾ ਏ,

'ਬਾਬਾ ਨਜਮੀ' ਦੇ ਦੇ ਫ਼ਤਵਾ, 

ਉਹ ਗ਼ੱਦਾਰ ਪੰਜਾਬੀ ਨੇ। 

 ਅਫ਼ਜ਼ਲ ਸਾਹਿਰ ਨੇ ਵੀ ਵਕਤ ਸੰਭਾਲਿਆ। ਕਹਿਣ ਲੱਗਾ, ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲ੍ਹੀ। ਬਹੁਤ ਗਹਿਰ ਗੰਭੀਰਾ ਸ਼ਾਇਰ ਹੈ ਲਿਖਤੋਂ , ਪਰ ਮਨ ਮੌਜੀ ਚੁਲਬਲਾ।  ਅੱਖਾਂ ਨੂਟ ਬੋਲਿਆ

ਸੁਫ਼ਨੇ ਰਹਿ ਗਏ ਕੋਰੇ 

ਸੱਜਣ! 

ਸਾਡੇ ਸੁਫ਼ਨੇ ਰਹਿ ਗਏ ਕੋਰੇ 

ਅੱਖੀਆਂ ਅੰਦਰ ਪਾੜ ਪਏ, 

ਜਿਉਂ ਕੰਧਾਂ ਵਿੱਚ ਮਘੋਰੇ


ਜੱਗ ਕੂੜ ਪਸਾਰਾ ਕਹਿਰ ਦਾ 

ਸਾਨੂੰ ਚਸਕਾ ਲੱਗਾ ਜ਼ਹਿਰ ਦਾ 

ਦਿਲ ਪਾਰਾ ਕਿਤੇ ਨਾ ਠਹਿਰਦਾ 

ਸਾਨੂੰ ਧੁੜਕੂ ਅੱਠੇ ਪਹਿਰ ਦਾ 

ਇੱਕ ਪਾਸਾ ਮਰਿਆ ਸ਼ਹਿਰ ਦਾ 

ਵਿਚ ਭੁੱਖਾ ਫਨੀਅਰ ਲਹਿਰਦਾ


ਮਾਵਾਂ ਨੇ ਖੀਸੇ ਫੋਲ ਕੇ 

ਪੁੱਤ ਸਫ਼ਰਾਂ 'ਤੇ ਟੋਰੇ 

ਸਾਡੇ ਸੁਫ਼ਨੇ ਰਹਿ ਗਏ ਕੋਰੇ


ਅਸੀਂ ਸਈਆਂ ਨੈਣਾਂ ਵਾਲੀਆਂ 

ਸਾਨੂੰ ਜੋਇਆ ਅੰਨ੍ਹੇ ਹਾਲੀਆਂ 

ਮਨ ਖੋਭੇ ਸੱਧਰਾਂ ਗਾਲੀਆਂ 

ਸਾਡਾ ਜੀਵਨ ਵਿੱਚ ਕੁਠਾਲੀਆਂ 

ਖਸਮਾਂ ਦੀਆਂ ਅੱਗਾਂ ਬਾਲੀਆਂ 

ਦਿਲ ਗੁੰਨ੍ਹੇ ਵਿਚ ਕੁਨਾਲੀਆਂ


ਇਸ ਔਤਰ ਜਾਣੇ ਸਮੇਂ ਨੇ 

ਸਾਹ ਬਰਫ਼ਾਂ ਵਾਂਗੂੰ ਖੋਰੇ

ਸਾਡੇ ਸੁਫ਼ਨੇ ਰਹਿ ਗਏ ਕੋਰੇ!

ਹੁਣ ਵਾਰੀ ਸੀ ਸੁਰਵੰਨੇ ਸ਼ਾਇਰ ਲੋਚੀ ਦੀ। ਅਫ਼ਜ਼ਰ ਸਾਹਿਰ ਨੇ  ਤਰੰਨਮ ਵਿੱਚ ਸੁਣਾਉਣ ਦੀ ਤਾਕੀਦ ਕੀਤੀ। ਲੋਚੀ ਨੇ ਪਹਿਲੇ ਬੋਲ ਹੀ ਮਹਿਕ ਬਖੇਰੀ। ਬੋਲਿਆ, ਅੱਜ ਮੈਂ ਪਹਿਲਾਂ ਨਜ਼ਮ “ਸਤਿਲੁਜ ਅਤੇ ਬਿਆਸ” ਸੁਣਾਵਾਂਗਾ। ਤਰੰਨਮ ਵਿੱਚ ਗ਼ਜ਼ਲ ਬਾਅਦ ਵਿੱਚ

 

ਸਤਲੁਜ ਅਤੇ ਬਿਆਸ ਮਿਲੇ ਸੀ

ਦੋਵੇਂ ਬਹੁਤ ਉਦਾਸ ਮਿਲੇ ਸੀ


ਮੇਰੇ ਵੰਨੀਂ ਝਾਕ ਰਹੇ ਸੀ

ਜਿੱਦਾਂ ਮੈਨੂੰ ਆਖ ਰਹੇ ਸੀ

ਕਿੱਥੇ ਸਾਡੇ ਸੁੱਚੇ ਪਾਣੀ

ਕਿਉਂ ਕਰਦੈਂ ਤੂੰ ਖਤਮ ਕਹਾਣੀ

ਸੁਣ ਉਏ ਬੰਦਿਆ

ਬੋਲ ਓ ਬੰਦਿਆ

ਕਿਉਂ ਤੂੰ ਸਾਨੂੰ

ਸੂਲੀ ਟੰਗਿਆ


ਸੁਣਕੇ ਸੱਚੇ ਬੋਲ ਉਨ੍ਹਾਂ ਦੇ

ਸਾਹ ਸੀ ਸੁੱਕੇ

ਦਿਲ ਸੀ ਕੰਬਿਆ


ਦਰਿਆਵਾਂ ਦਾ ਸੁਣਕੇ ਮਿਹਣਾ

ਸਿੱਧੇ ਤੀਰ ਕਲੇਜੇ ਵੱਜੇ

ਭੱਜਣ ਨੂੰ ਨਾ ਥਾਂ ਸੀ ਕਿਧਰੇ

ਨਾ ਖੱਬੇ ਤੇ ਨਾ ਹੀ ਸੱਜੇ

ਸੁਣਕੇ ਉਹਨਾਂ ਦੀ ਇਹ ਬੋਲੀ

ਮੈਂ ਤਾਂ ਪਾਣੀਓਂ ਪਾਣੀ ਹੋਇਆ

ਧਰਤੀ ਦਿੰਦੀ ਵੇਹਲ ਨਹੀਂ ਸੀ

ਉਹਨਾਂ ਐਸਾ ਕਿੱਸਾ ਛੋਹਿਆ

ਦਿਲ ਚਾਹੁੰਦਾ ਸੀ

ਧਰਤੀ ਪਾਟੇ

ਛੇਤੀ ਧਰਤੀ ਵਿੱਚ ਸਮਾਵਾਂ

ਪਾਣੀਓਂ ਪਾਣੀ ਹੋਇਆ ਮੈਂ ਵੀ

ਜਾਕੇ ਪਾਣੀ ‌ਵਿੱਚ ਰਲ ਜਾਵਾਂ

ਜਾਕੇ ਪਾਣੀ ਵਿੱਚ ਰਲ ਜਾਵਾਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.