ਤਾਜਾ ਖਬਰਾਂ
ਅੰਮ੍ਰਿਤਸਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 12ਵੀਂ ਜਮਾਤ ਵਿੱਚ ਪੜ੍ਹਦੀ 17 ਸਾਲਾ ਵਿਦਿਆਰਥਣ ਅਮਜੋਤ ਕੌਰ ਦੀ ਜ਼ਹਿਰੀਲੀ ਵਸਤੂ ਨਿਗਲਣ ਕਾਰਨ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਸਕੂਲ ਵੱਲੋਂ ਫੀਸ ਜਮ੍ਹਾ ਕਰਵਾਉਣ ਲਈ ਕੀਤੇ ਜਾ ਰਹੇ ਲਗਾਤਾਰ ਦਬਾਅ ਅਤੇ ਕਥਿਤ ਮਾਨਸਿਕ ਪ੍ਰੇਸ਼ਾਨੀ ਕਾਰਨ ਬੱਚੀ ਨੇ ਇਹ ਖੌਫਨਾਕ ਕਦਮ ਚੁੱਕਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ, ਜਦਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕਾ ਅਮਜੋਤ ਕੌਰ 88 ਫੁੱਟ ਰੋਡ ਇਲਾਕੇ ਦੀ ਰਹਿਣ ਵਾਲੀ ਸੀ ਅਤੇ ਆਪਣੀ ਮਾਸੀ ਸਰਬਜੀਤ ਕੌਰ ਕੋਲ ਰਹਿ ਕੇ ਪੜ੍ਹਾਈ ਕਰ ਰਹੀ ਸੀ। ਜਾਣਕਾਰੀ ਮੁਤਾਬਕ 22 ਮਈ ਨੂੰ ਸਕੂਲ ਤੋਂ ਘਰ ਵਾਪਸ ਆਉਣ ਤੋਂ ਬਾਅਦ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਹ ਕਰੀਬ ਇੱਕ ਹਫ਼ਤੇ ਤੱਕ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜਦੀ ਰਹੀ। ਆਖ਼ਰਕਾਰ 30 ਮਈ ਦੀ ਸ਼ਾਮ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮੌਤ ਤੋਂ ਪਹਿਲਾਂ ਹਸਪਤਾਲ ਵਿੱਚ ਬਣਾਈ ਇੱਕ ਵੀਡੀਓ ਵਿੱਚ ਅਮਜੋਤ ਨੇ ਆਪਣੀ ਪੀੜਾ ਬਿਆਨ ਕਰਦਿਆਂ ਦਾਅਵਾ ਕੀਤਾ ਕਿ ਸਕੂਲ ਵੱਲੋਂ ਫੀਸ ਦੇ ਮੁੱਦੇ ਨੂੰ ਲੈ ਕੇ ਉਸ ਨੂੰ ਲਗਾਤਾਰ ਮਾਨਸਿਕ ਤੌਰ ‘ਤੇ ਤੰਗ ਕੀਤਾ ਜਾ ਰਿਹਾ ਸੀ। ਉਸ ਨੇ ਇਹ ਵੀ ਕਿਹਾ ਕਿ ਸਕੂਲ ਦੀ ਪ੍ਰਿੰਸੀਪਲ ਨੇ ਫੀਸ ਸਬੰਧੀ ਗੱਲਬਾਤ ਲਈ ਉਸ ਨੂੰ ਇੱਕ ਵੱਖਰੇ ਕਮਰੇ ਵਿੱਚ ਬੁਲਾਇਆ ਸੀ, ਜਿਸ ਕਾਰਨ ਉਹ ਕਾਫ਼ੀ ਦਬਾਅ ਅਤੇ ਤਣਾਅ ਮਹਿਸੂਸ ਕਰ ਰਹੀ ਸੀ। ਵਿਦਿਆਰਥਣ ਨੇ ਆਪਣੇ ਇਸ ਕਦਮ ਲਈ ਸਕੂਲ ਦੇ ਵਤੀਰੇ ਨੂੰ ਜ਼ਿੰਮੇਵਾਰ ਠਹਿਰਾਇਆ।
ਦੂਜੇ ਪਾਸੇ, ਮਾਸੀ ਸਰਬਜੀਤ ਕੌਰ ਨੇ ਡੀ.ਡੀ.ਆਈ.ਐੱਸ. ਸਕੂਲ ਫਤਿਹਗੜ੍ਹ ਚੂੜੀਆਂ ਰੋਡ ਦੀ ਪ੍ਰਿੰਸੀਪਲ ਸ਼ਬਨਮ ਸ਼ਰਮਾ ਅਤੇ ਕਲਾਸ ਇੰਚਾਰਜ ਆਕਾਂਕਸ਼ਾ ਸ਼ਰਮਾ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਦੀ ਲਗਭਗ 20 ਹਜ਼ਾਰ ਰੁਪਏ ਫੀਸ ਬਾਕੀ ਸੀ ਅਤੇ ਉਹ ਪ੍ਰਬੰਧਨ ਨੂੰ ਕਿਸ਼ਤਾਂ ਵਿੱਚ ਰਕਮ ਅਦਾ ਕਰਨ ਦੀ ਬੇਨਤੀ ਵੀ ਕਰ ਚੁੱਕੇ ਸਨ, ਪਰ ਇਸ ਦੇ ਬਾਵਜੂਦ ਬੱਚੀ ‘ਤੇ ਫੀਸ ਲਈ ਲਗਾਤਾਰ ਦਬਾਅ ਬਣਾਇਆ ਜਾਂਦਾ ਰਿਹਾ।
ਪਰਿਵਾਰ ਦਾ ਦਾਅਵਾ ਹੈ ਕਿ ਅਮਜੋਤ ਨੇ ਜ਼ਹਿਰ ਨਿਗਲਣ ਤੋਂ ਪਹਿਲਾਂ ਖੁਦ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਸਕੂਲ ਦੇ ਅਧਿਆਪਕਾਂ ਅਤੇ ਪ੍ਰਬੰਧਨ ਦੇ ਵਤੀਰੇ ਤੋਂ ਕਾਫ਼ੀ ਦੁਖੀ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵਿਦਿਆਰਥਣ ਵੱਲੋਂ ਬਣਾਈ ਗਈ ਵੀਡੀਓ ਸਮੇਤ ਹੋਰ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 31 ਮਈ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ, ਜਿਸ ਦੀ ਰਿਪੋਰਟ ਤੋਂ ਬਾਅਦ ਮਾਮਲੇ ਵਿੱਚ ਹੋਰ ਤੱਥ ਸਾਹਮਣੇ ਆ ਸਕਦੇ ਹਨ।
Get all latest content delivered to your email a few times a month.