ਤਾਜਾ ਖਬਰਾਂ
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ (Chandigarh Airport) ਤੱਕ ਪਹੁੰਚਣ ਵਾਲੇ ਮੁਸਾਫ਼ਰਾਂ ਲਈ ਅੱਜ ਦਾ ਦਿਨ ਵੱਡੀ ਸੁਗ਼ਾਤ ਲੈ ਕੇ ਆਇਆ ਹੈ। ਏਅਰਪੋਰਟ ਜਾਣ ਲਈ ਹੁਣ ਲੋਕਾਂ ਨੂੰ ਐਰੋਸਿਟੀ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਘੁੰਮ ਕੇ ਜਾਣ ਦੀ ਲੋੜ ਨਹੀਂ ਪਵੇਗੀ। ਬਾਵਾ ਵ੍ਹਾਈਟ ਹਾਊਸ ਦੇ ਨਜ਼ਦੀਕ ਤੋਂ ਹਵਾਈ ਅੱਡੇ ਤੱਕ ਬਣ ਕੇ ਤਿਆਰ ਹੋਈ ਇੱਕ ਨਵੀਂ ਕਨੈਕਟਿੰਗ ਸੜਕ ਦਾ ਅੱਜ ਰਸਮੀ ਤੌਰ 'ਤੇ ਉਦਘਾਟਨ ਕੀਤਾ ਜਾ ਰਿਹਾ ਹੈ। ਇਹ ਨਵੀਂ ਸੜਕ ਸਿੱਧੀ ਮੁੱਖ ਏਅਰਪੋਰਟ ਰੋਡ ਨਾਲ ਜੁੜੇਗੀ, ਜਿਸ ਨਾਲ ਯਾਤਰੀਆਂ ਦੇ ਸਫ਼ਰ ਦੀ ਦੂਰੀ ਵਿੱਚ ਲਗਭਗ 8 ਕਿਲੋਮੀਟਰ ਦੀ ਵੱਡੀ ਕਟੌਤੀ ਹੋਵੇਗੀ। ਇਸ ਨਾਲ ਨਾ ਸਿਰਫ਼ ਯਾਤਰਾ ਸੁਖਾਲੀ ਹੋਵੇਗੀ, ਸਗੋਂ ਹਾਦਸਿਆਂ ਦਾ ਖ਼ਤਰਾ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ।
ਮੌਜੂਦਾ ਸਮੇਂ ਪੰਜਾਬ ਅਤੇ ਹਰਿਆਣਾ ਤੋਂ ਆਉਣ ਵਾਲੇ ਜ਼ਿਆਦਾਤਰ ਵਾਹਨ ਚਾਲਕ ਹਵਾਈ ਅੱਡੇ ਤੱਕ ਪਹੁੰਚਣ ਲਈ PR-7 ਰੂਟ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਉੱਥੇ ਗੱਡੀਆਂ ਦਾ ਭਾਰੀ ਦਬਾਅ ਰਹਿੰਦਾ ਹੈ। ਹਾਲਾਂਕਿ ਇਸ ਨਵੇਂ ਰੂਟ 'ਤੇ ਪਹਿਲਾਂ ਹੀ ਸੀਮਤ ਆਵਾਜਾਈ ਚੱਲ ਰਹੀ ਸੀ, ਪਰ ਅੱਜ ਤੋਂ ਇਸ ਨੂੰ ਅਧਿਕਾਰਤ ਤੌਰ 'ਤੇ ਆਮ ਜਨਤਾ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇਗਾ। ਇਸ ਨਵੇਂ ਰਸਤੇ ਦੇ ਚਾਲੂ ਹੋਣ ਨਾਲ ਪੁਰਾਣੀਆਂ ਸੜਕਾਂ 'ਤੇ ਟ੍ਰੈਫਿਕ ਦਾ ਬੋਝ ਘਟੇਗਾ ਅਤੇ ਮੁਸਾਫ਼ਰਾਂ ਦੇ ਸਮੇਂ ਦੇ ਨਾਲ-ਨਾਲ ਬਾਲਣ ਦੀ ਵੀ ਵੱਡੀ ਬਚਤ ਹੋਵੇਗੀ।
ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਵੱਲੋਂ ਇਸ 164 ਫੁੱਟ ਚੌੜੀ ਸੜਕ ਦਾ ਨਿਰਮਾਣ ਤਕਰੀਬਨ 125 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸ ਦੇ ਖੁੱਲ੍ਹਣ ਨਾਲ ਹਵਾਈ ਅੱਡੇ ਦੀ ਦੂਰੀ 11.6 ਕਿਲੋਮੀਟਰ ਤੋਂ ਘਟ ਕੇ ਸਿਰਫ਼ 8.5 ਕਿਲੋਮੀਟਰ ਰਹਿ ਜਾਵੇਗੀ।
ਹੁਣ ਤੱਕ ਲੋਕਾਂ ਨੂੰ ਫੇਜ਼-11 ਤੋਂ ਆਈ.ਆਈ.ਐਸ.ਈ.ਆਰ. (IISER) ਲਾਈਟ ਪੁਆਇੰਟ ਅਤੇ ਏਅਰਪੋਰਟ ਚੌਕ ਰਾਹੀਂ ਲੰਬਾ ਚੱਕਰ ਕੱਟਣਾ ਪੈਂਦਾ ਸੀ, ਜਿੱਥੇ ਕਈ ਟ੍ਰੈਫਿਕ ਸਿਗਨਲ ਹੋਣ ਕਾਰਨ ਅਕਸਰ ਜਾਮ ਲੱਗ ਜਾਂਦਾ ਸੀ। ਹੁਣ ਇਹ ਨਵਾਂ ਰੂਟ ਮੋਹਾਲੀ ਦੇ ਬਾਵਾ ਵ੍ਹਾਈਟ ਹਾਊਸ ਕਰਾਸਿੰਗ (ਸੈਕਟਰ 65-66 ਜੰਕਸ਼ਨ) ਤੋਂ ਸ਼ੁਰੂ ਹੋ ਕੇ ਸੈਕਟਰ 66-ਏ ਰਾਹੀਂ ਸਿੱਧਾ ਏਅਰਪੋਰਟ ਟਰਮੀਨਲ ਰੋਡ ਤੱਕ ਜਾਵੇਗਾ, ਜਿਸ ਨਾਲ ਲੋਕਾਂ ਦੇ 15 ਤੋਂ 20 ਮਿੰਟ ਬਚਣਗੇ।
ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਯਾਤਰੀਆਂ ਲਈ ਮੁੱਖ ਹਵਾਈ ਹੱਬ ਹੈ। ਇੱਥੇ ਆਮ ਦਿਨਾਂ ਵਿੱਚ ਰੋਜ਼ਾਨਾ 10,000 ਤੋਂ 12,000 ਮੁਸਾਫ਼ਰਾਂ ਦੀ ਆਮਦ ਹੁੰਦੀ ਹੈ, ਹਾਲਾਂਕਿ ਮੌਸਮ ਦੀ ਖ਼ਰਾਬੀ ਅਤੇ ਏਅਰਲਾਈਨਜ਼ ਦੇ ਉਤਰਾਅ-ਚੜ੍ਹਾਅ ਕਾਰਨ ਕਦੇ-ਕਦੇ ਇਹ ਗਿਣਤੀ 4,500 ਤੋਂ 6,000 ਦੇ ਵਿਚਕਾਰ ਵੀ ਰਹਿ ਜਾਂਦੀ ਹੈ।
ਇਹ ਹਵਾਈ ਅੱਡਾ ਰੋਜ਼ਾਨਾ ਔਸਤਨ 45 ਤੋਂ 85 ਉਡਾਣਾਂ ਦਾ ਸੰਚਾਲਨ ਕਰਦਾ ਹੈ, ਜਿਸ ਵਿੱਚ ਦਿੱਲੀ, ਮੁੰਬਈ, ਬੰਗਲੁਰੂ, ਹੈਦਰਾਬਾਦ, ਸ੍ਰੀਨਗਰ ਅਤੇ ਅਹਿਮਦਾਬਾਦ ਵਰਗੇ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਲਈ ਸਿੱਧੀਆਂ ਘਰੇਲੂ ਉਡਾਣਾਂ ਸ਼ਾਮਲ ਹਨ। ਇਸ ਤੋਂ ਇਲਾਵਾ ਇੱਥੋਂ ਦੁਬਈ ਅਤੇ ਅਬੂ ਧਾਬੀ ਵਰਗੇ ਅੰਤਰਰਾਸ਼ਟਰੀ ਰੂਟਾਂ ਲਈ ਵੀ ਸਿੱਧੀ ਹਵਾਈ ਸੇਵਾ ਉਪਲਬਧ ਹੈ। ਹਵਾਈ ਅੱਡੇ 'ਤੇ ਸਵੇਰੇ 5 ਤੋਂ 8 ਵਜੇ ਅਤੇ ਸ਼ਾਮ 4 ਤੋਂ 7 ਵਜੇ ਦੇ ਦਰਮਿਆਨ ਯਾਤਰੀਆਂ ਦੀ ਸਭ ਤੋਂ ਵੱਧ ਭੀੜ ਦੇਖਣ ਨੂੰ ਮਿਲਦੀ ਹੈ, ਜਿਸ ਨੂੰ ਮੁੱਖ ਰੱਖਦਿਆਂ ਇਹ ਨਵਾਂ ਬਾਈਪਾਸ ਰੂਟ ਬੇਹੱਦ ਕਾਰਗਰ ਸਾਬਤ ਹੋਵੇਗਾ।
Get all latest content delivered to your email a few times a month.