ਤਾਜਾ ਖਬਰਾਂ
ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਸ ਸੀਜ਼ਨ ਵਿੱਚ ਹੁਣ ਸਿਰਫ਼ ਦੋ ਹੀ ਮੁਕਾਬਲੇ ਬਾਕੀ ਰਹਿ ਗਏ ਹਨ। ਅੱਜ ਸ਼ੁੱਕਰਵਾਰ ਸ਼ਾਮ ਨੂੰ ਦੂਜਾ ਕੁਆਲੀਫਾਇਰ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਐਤਵਾਰ ਨੂੰ ਖ਼ਿਤਾਬੀ ਮੈਚ (ਫਾਈਨਲ) ਹੋਵੇਗਾ। ਆਰਸੀਬੀ (RCB) ਦੀ ਟੀਮ ਪਹਿਲਾਂ ਹੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਹੈ ਅਤੇ ਅੱਜ ਜਿੱਤਣ ਵਾਲੀ ਟੀਮ ਫਾਈਨਲ ਵਿੱਚ ਉਸ ਨਾਲ ਭਿੜੇਗੀ। ਇਸੇ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਖਿਡਾਰੀਆਂ ਅਤੇ ਮੈਚ ਅਧਿਕਾਰੀਆਂ ਲਈ ਇੱਕ ਨਵਾਂ ਅਤੇ ਸਖ਼ਤ ਫ਼ਰਮਾਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਹੁਣ ਮੈਚ ਦੌਰਾਨ 'ਸਮਾਰਟ ਸਨਗਲਾਸ' (ਐਨਕਾਂ) ਪਹਿਨਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਆਈਪੀਐਲ ਮੈਚਾਂ ਦੌਰਾਨ ਹੁਣ ਕੋਈ ਵੀ ਖਿਡਾਰੀ, ਅੰਪਾਇਰ ਜਾਂ ਮੈਚ ਅਧਿਕਾਰੀ ਸਮਾਰਟ ਸਨਗਲਾਸ ਦੀ ਵਰਤੋਂ ਨਹੀਂ ਕਰ ਸਕੇਗਾ। ਬੀਸੀਸੀਆਈ ਦੀ ਐਂਟੀ ਕਰਪਸ਼ਨ ਯੂਨਿਟ (ACU) ਦੇ ਸੁਝਾਅ ਤੋਂ ਬਾਅਦ ਸਾਰੀਆਂ ਟੀਮਾਂ ਨੂੰ ਇਸ ਸਬੰਧੀ ਅਧਿਕਾਰਤ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ।
ਬੋਰਡ ਮੁਤਾਬਕ ਕੁਝ ਕੰਪਨੀਆਂ ਖਿਡਾਰੀਆਂ ਅਤੇ ਸਪੋਰਟ ਸਟਾਫ਼ ਨੂੰ ਅਜਿਹੀਆਂ ਐਨਕਾਂ ਮੁਹੱਈਆ ਕਰਵਾ ਰਹੀਆਂ ਹਨ, ਜੋ ਆਧੁਨਿਕ ਸੰਚਾਰ ਪ੍ਰਣਾਲੀ (Advanced Communication Features) ਨਾਲ ਲੈਸ ਹਨ। ਇਨ੍ਹਾਂ ਸਮਾਰਟ ਐਨਕਾਂ ਰਾਹੀਂ ਲਾਈਵ ਸਟ੍ਰੀਮਿੰਗ, ਟੈਕਸਟ ਮੈਸੇਜ ਭੇਜਣ ਤੇ ਪ੍ਰਾਪਤ ਕਰਨ ਦੇ ਨਾਲ-ਨਾਲ ਮੋਬਾਈਲ ਡਾਟਾ ਅਤੇ ਵਾਈ-ਫਾਈ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇੰਨਾ ਹੀ ਨਹੀਂ, ਇਨ੍ਹਾਂ ਰਾਹੀਂ ਫੋਨ ਕਾਲ ਵੀ ਸੁਣੀ ਅਤੇ ਕੀਤੀ ਜਾ ਸਕਦੀ ਹੈ, ਜਿਸ ਕਾਰਨ ਮੈਚ ਦੀ ਨਿਰਪੱਖਤਾ ਨੂੰ ਖ਼ਤਰਾ ਪੈਦਾ ਹੋ ਸਕਦਾ ਸੀ।
ਜ਼ਿਕਰਯੋਗ ਹੈ ਕਿ ਇਸੇ ਸੀਜ਼ਨ ਦੇ ਇੱਕ ਮੈਚ ਦੌਰਾਨ ਰਾਜਸਥਾਨ ਰਾਇਲਸ ਦੇ ਰੋਮੀ ਭਿੰਡਰ ਡਗਆਊਟ ਵਿੱਚ ਬੈਠ ਕੇ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋਏ ਕੈਮਰੇ ਵਿੱਚ ਕੈਦ ਹੋ ਗਏ ਸਨ। ਇਸ ਨਿਯਮ ਦੀ ਉਲੰਘਣਾ ਲਈ ਉਨ੍ਹਾਂ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ ਅਤੇ ਸਖ਼ਤ ਚੇਤਾਵਨੀ ਦਿੱਤੀ ਗਈ ਸੀ। ਹੁਣ ਨਵੇਂ ਨਿਯਮਾਂ ਮੁਤਾਬਕ ਖਿਡਾਰੀਆਂ ਨੂੰ ਮੈਚ 'ਤੇ ਜਾਣ ਵੇਲੇ ਆਪਣੇ ਮੋਬਾਈਲ ਫੋਨਾਂ ਦੇ ਨਾਲ-ਨਾਲ ਇਹ ਸਮਾਰਟ ਸਨਗਲਾਸ ਵੀ ਜਮ੍ਹਾ ਕਰਵਾਉਣੇ ਪੈਣਗੇ। ਹੁਕਮ ਨਾ ਮੰਨਣ ਵਾਲਿਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਵੀ ਅਜਿਹੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਕੁਝ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਲੋਕ ਬਿਨਾਂ ਇਜਾਜ਼ਤ ਹੋਟਲ ਦੇ ਕਮਰਿਆਂ ਤੱਕ ਪਹੁੰਚ ਰਹੇ ਸਨ, ਜਿਸ ਨਾਲ 'ਹਨੀ ਟ੍ਰੈਪਿੰਗ' ਵਰਗੀਆਂ ਸਥਿਤੀਆਂ ਦਾ ਖ਼ਤਰਾ ਬਣ ਰਿਹਾ ਸੀ। ਬੋਰਡ ਨੇ ਤੁਰੰਤ ਐਕਸ਼ਨ ਲੈਂਦਿਆਂ ਇਸ 'ਤੇ ਰੋਕ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਖਿਡਾਰੀਆਂ ਦੇ ਦੇਰ ਰਾਤ ਬਿਨਾਂ ਪਰਮੀਸ਼ਨ ਬਾਹਰ ਜਾਣ 'ਤੇ ਵੀ ਪਾਬੰਦੀ ਹੈ। ਹਾਲਾਂਕਿ ਬੋਰਡ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਮੌਜੂਦਾ ਸਮੇਂ ਕਿਸੇ ਨਿਯਮ ਦੀ ਉਲੰਘਣਾ ਹੋਈ ਹੈ ਜਾਂ ਨਹੀਂ, ਪਰ ਬੀਸੀਸੀਆਈ ਫਾਈਨਲ ਮੁਕਾਬਲਿਆਂ ਤੋਂ ਪਹਿਲਾਂ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਯਕੀਨੀ ਬਣਾਉਣ ਵਿੱਚ ਜੁਟਿਆ ਹੋਇਆ ਹੈ।
Get all latest content delivered to your email a few times a month.