ਤਾਜਾ ਖਬਰਾਂ
ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਇਨੀਂ ਦਿਨੀਂ ਆਪਣੇ ਕਿਸੇ ਨਵੇਂ ਪ੍ਰੋਜੈਕਟ ਜਾਂ ਸਟਾਈਲਿਸ਼ ਲੁੱਕ ਕਰਕੇ ਨਹੀਂ, ਬਲਕਿ ਇੱਕ ਵੱਡੇ ਕਾਨੂੰਨੀ ਵਿਵਾਦ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਪਣੇ ਖੁਦ ਦੇ ਸੁਤੰਤਰ ਮਿਊਜ਼ਿਕ ਲੇਬਲ ਹੇਠ ਕੰਮ ਕਰ ਰਹੀ ਸੁਨੰਦਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਉਨ੍ਹਾਂ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਸੁਪਰਹਿੱਟ ਗੀਤ ‘ਜੋਗੀ’ ਅਚਾਨਕ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ।
ਕਾਪੀਰਾਈਟ ਦੇ ਆਪਸੀ ਝਗੜੇ ਅਤੇ ਜਾਅਲੀ ਦਸਤਾਵੇਜ਼ਾਂ ਦੇ ਦਾਅਵਿਆਂ ਤੋਂ ਬਾਅਦ, ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਨੇ ਬੀਤੀ 26 ਮਈ ਨੂੰ ਇਸ ਗੀਤ 'ਤੇ ਸਖ਼ਤ ਕਾਰਵਾਈ ਕਰਦਿਆਂ ਇਸ ਨੂੰ ਅਸਥਾਈ ਤੌਰ 'ਤੇ ਹਟਾ ਦਿੱਤਾ ਹੈ। ਇਸ ਅਚਾਨਕ ਹੋਈ ਕਾਰਵਾਈ ਤੋਂ ਬਾਅਦ ਸੁਨੰਦਾ ਸ਼ਰਮਾ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆ ਕੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਪੂਰੇ ਮਾਮਲੇ ਦੀ ਸੱਚਾਈ ਸਾਂਝੀ ਕੀਤੀ ਹੈ।
ਆਪਣੇ ਫੈਨਜ਼ ਨਾਲ ਗੱਲਬਾਤ ਕਰਦਿਆਂ ਸੁਨੰਦਾ ਸ਼ਰਮਾ ਨੇ ਮਿਊਜ਼ਿਕ ਇੰਡਸਟਰੀ ਵਿੱਚ ਕੰਮ ਕਰਨ ਦੇ ਤਰੀਕਿਆਂ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਸਲਾਹ ਦਿੰਦਿਆਂ ਕਿਹਾ ਕਿ ਬਿਜ਼ਨੈੱਸ ਦੇ ਖੇਤਰ ਵਿੱਚ ਹਮੇਸ਼ਾ ਪੁਖ਼ਤਾ ਕਾਗਜ਼ੀ ਕਾਰਵਾਈ (Paperwork) ਹੋਣੀ ਲਾਜ਼ਮੀ ਹੈ, ਤਾਂ ਜੋ ਕੋਈ ਤੁਹਾਡੀ ਮਿਹਨਤ ਨੂੰ ਨੁਕਸਾਨ ਨਾ ਪਹੁੰਚਾ ਸਕੇ। ਗਾਇਕਾ ਮੁਤਾਬਕ:
"ਸਾਡਾ ਗੀਤ 'ਜੋਗੀ' ਪੂਰੀ ਤਰ੍ਹਾਂ ਕਾਨੂੰਨੀ ਐਗਰੀਮੈਂਟਸ ਦੇ ਨਾਲ ਰਿਲੀਜ਼ ਕੀਤਾ ਗਿਆ ਸੀ। ਪਰ ਗੀਤ ਦੇ ਲੇਖਕ 'ਰਾਜਾ' ਦੇ ਪੁਰਾਣੇ ਪ੍ਰਮੋਟਰਾਂ ਨੇ ਕੁਝ ਨਕਲੀ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਯੂਟਿਊਬ ਕੋਲ ਗਲਤ ਸ਼ਿਕਾਇਤ ਦਰਜ ਕਰਵਾਈ, ਜਿਸ ਕਾਰਨ ਗੀਤ ਨੂੰ ਫਿਲਹਾਲ ਹੋਲਡ 'ਤੇ ਰੱਖਿਆ ਗਿਆ ਹੈ।"
ਸੁਨੰਦਾ ਨੇ ਅੱਗੇ ਕਿਹਾ ਕਿ ਕਾਨੂੰਨੀ ਤੌਰ 'ਤੇ ਉਨ੍ਹਾਂ ਦੇ ਪੱਖ ਵਿੱਚ ਸਾਰੇ ਸਬੂਤ ਮੌਜੂਦ ਹਨ, ਇਸ ਲਈ ਗੀਤ ਬਹੁਤ ਜਲਦ ਯੂਟਿਊਬ 'ਤੇ ਵਾਪਸ ਆ ਜਾਵੇਗਾ। ਹਾਲਾਂਕਿ, ਅਜਿਹੀਆਂ ਘਿਨਾਉਣੀਆਂ ਹਰਕਤਾਂ ਨਾਲ ਪੂਰੀ ਟੀਮ ਦੇ ਹੌਸਲੇ ਨੂੰ ਸੱਟ ਵੱਜਦੀ ਹੈ। ਉਨ੍ਹਾਂ ਖਾਸ ਤੌਰ 'ਤੇ ਜ਼ਿਕਰ ਕੀਤਾ ਕਿ ਨੌਜਵਾਨ ਗੀਤਕਾਰ 'ਰਾਜਾ' ਇਸ ਘਟਨਾ ਤੋਂ ਕਾਫੀ ਨਿਰਾਸ਼ ਅਤੇ ਡੀਮੋਟਿਵੇਟ ਹੋਏ ਹਨ।
ਖ਼ਬਰ ਲਿਖੇ ਜਾਣ ਤੱਕ ਗਾਇਕਾ ਦੀ ਲੀਗਲ ਟੀਮ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਹੈ ਅਤੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ 'ਜੋਗੀ' ਜਲਦ ਹੀ ਦੁਬਾਰਾ ਇੰਟਰਨੈੱਟ 'ਤੇ ਧਮਾਲ ਮਚਾਏਗਾ।
Get all latest content delivered to your email a few times a month.