IMG-LOGO
ਹੋਮ ਪੰਜਾਬ, ਚੰਡੀਗੜ੍ਹ, ਪਟਿਆਲਾ: ਨੀਲੇ ਡਰੱਮ 'ਚੋਂ ਮਿਲੀ ਲਾਸ਼ ਦੀ ਨੇਹਾ ਵਜੋਂ ਹੋਈ...

ਪਟਿਆਲਾ: ਨੀਲੇ ਡਰੱਮ 'ਚੋਂ ਮਿਲੀ ਲਾਸ਼ ਦੀ ਨੇਹਾ ਵਜੋਂ ਹੋਈ ਪਛਾਣ, ਪ੍ਰੇਮ ਸਬੰਧਾਂ ਦੇ ਸ਼ੱਕ ਹੇਠ ਜਾਂਚ ਸ਼ੁਰੂ

Admin User - May 28, 2026 01:20 PM
IMG

ਪਟਿਆਲਾ ਦੇ ਰੇਲਵੇ ਕਲੋਨੀ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਡੀ.ਸੀ.ਡਬਲਯੂ (DCW) ਪੁਲ ਨੇੜੇ ਕੂੜੇ ਦੇ ਇੱਕ ਡੰਪ ਵਿੱਚੋਂ ਇੱਕ ਨੌਜਵਾਨ ਔਰਤ ਦੀ ਲਾਸ਼ ਬਰਾਮਦ ਹੋਈ। ਮ੍ਰਿਤਕਾ ਦੀ ਪਛਾਣ 20 ਸਾਲਾ ਨੇਹਾ ਵਜੋਂ ਹੋਈ ਹੈ, ਜੋ ਗੋਪਾਲ ਕਲੋਨੀ ਦੇ ਰਹਿਣ ਵਾਲੇ ਸੰਤ ਲਾਲ ਦੀ ਪੁੱਤਰੀ ਸੀ। ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਨਾਲ ਸਬੰਧਤ ਇਹ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਪਟਿਆਲਾ ਵਿਖੇ ਰਹਿ ਰਿਹਾ ਸੀ। ਪੁਲਿਸ ਵੱਲੋਂ ਇਸ ਵਾਰਦਾਤ ਪਿੱਛੇ ਪ੍ਰੇਮ ਸਬੰਧਾਂ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਅਣਪਛਾਤੇ ਕਾਤਲਾਂ ਖ਼ਿਲਾਫ਼ ਹੱਤਿਆ ਅਤੇ ਸਬੂਤ ਮਿਟਾਉਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਨੇਹਾ ਸੋਮਵਾਰ ਤੋਂ ਰਹੱਸਮਈ ਹਾਲਤ ਵਿੱਚ ਘਰੋਂ ਲਾਪਤਾ ਸੀ, ਜਿਸ ਸਬੰਧੀ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਸੀ। ਮੰਗਲਵਾਰ ਸਵੇਰੇ ਰੇਲਵੇ ਕਲੋਨੀ ਨੇੜੇ ਸੁੱਟੇ ਗਏ ਇੱਕ ਨੀਲੇ ਰੰਗ ਦੇ ਪਲਾਸਟਿਕ ਡਰੱਮ (ਜਿਸਦਾ ਲਾਲ ਢੱਕਣ ਸੀ) ਵਿੱਚੋਂ ਅਸਹਿ ਬਦਬੂ ਆਉਣ 'ਤੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਅਰਬਨ ਅਸਟੇਟ ਪੁਲਿਸ ਨੇ ਜਦੋਂ ਡਰੱਮ ਖੋਲ੍ਹਿਆ ਤਾਂ ਅੰਦਰੋਂ ਲਾਸ਼ ਬਰਾਮਦ ਹੋਈ।


ਸ਼ੁਰੂਆਤ ਵਿੱਚ ਲਾਸ਼ ਦੀ ਸ਼ਨਾਖਤ ਨਾ ਹੋਣ ਕਾਰਨ ਪੁਲਿਸ ਨੇ ਇਸ ਨੂੰ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਮੁਟਿਆਰ ਦੇ ਹੱਥਾਂ 'ਤੇ ਬਣੇ ਟੈਟੂਆਂ ਦੀ ਮਦਦ ਨਾਲ ਉਸਦੀ ਪਛਾਣ ਸੰਭਵ ਹੋ ਸਕੀ। ਪੁਲਿਸ ਮੁਤਾਬਕ ਮ੍ਰਿਤਕਾ ਦੇ ਖੱਬੇ ਹੱਥ 'ਤੇ ਅੰਗਰੇਜ਼ੀ ਵਿੱਚ “ਨੇਹਾ” ਅਤੇ ਸੱਜੇ ਹੱਥ 'ਤੇ “NA” ਦੇ ਨਾਲ ਇੱਕ ਦਿਲ (Heart) ਦਾ ਟੈਟੂ ਉਕਰਿਆ ਹੋਇਆ ਸੀ।


ਡੀ.ਐਸ.ਪੀ. ਸਿਟੀ-1 ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੁਟਿਆਰ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਮੁਢਲੀ ਜਾਂਚ ਮੁਤਾਬਕ ਉਸਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਉਸਦੇ ਹੱਥ 'ਤੇ ਵੀ ਖੂਨ ਦੇ ਧੱਬੇ ਸਨ। ਪੁਲਿਸ ਦਾ ਮੰਨਣਾ ਹੈ ਕਿ ਵਾਰਦਾਤ ਨੂੰ ਕਿਸੇ ਹੋਰ ਜਗ੍ਹਾ ਅੰਜਾਮ ਦਿੱਤਾ ਗਿਆ ਅਤੇ ਬਾਅਦ ਵਿੱਚ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਡਰੱਮ ਵਿੱਚ ਬੰਦ ਕਰਕੇ ਇੱਥੇ ਸੁੰਨਸਾਨ ਇਲਾਕੇ ਵਿੱਚ ਸੁੱਟ ਦਿੱਤਾ ਗਿਆ। ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੋਵੇਗਾ


ਥਾਣਾ ਅਰਬਨ ਅਸਟੇਟ ਦੇ ਮੁੱਖ ਅਫ਼ਸਰ ਗੁਰਪ੍ਰੀਤ ਸਮਰਾਓ ਨੇ ਦੱਸਿਆ ਕਿ ਨੇਹਾ ਸ਼ਾਦੀਸ਼ੁਦਾ ਸੀ ਪਰ ਕੁਝ ਸਮੇਂ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਪਰਿਵਾਰ ਮੁਤਾਬਕ ਉਹ ਪਹਿਲਾਂ ਵੀ ਕਈ ਵਾਰ ਬਿਨਾਂ ਦੱਸੇ ਘਰੋਂ ਚਲੀ ਜਾਂਦੀ ਸੀ ਅਤੇ ਫਿਰ ਵਾਪਸ ਪਰਤ ਆਉਂਦੀ ਸੀ। ਇਸ ਵਾਰ ਵੀ ਪਰਿਵਾਰ ਨੇ ਇਸੇ ਭੁਲੇਖੇ ਵਿੱਚ ਦੇਰੀ ਕੀਤੀ, ਪਰ ਬਾਅਦ ਵਿੱਚ ਇਹ ਦਰਦਨਾਕ ਖ਼ਬਰ ਸਾਹਮਣੇ ਆਈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਤੱਕ ਪਹੁੰਚਿਆ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.