ਤਾਜਾ ਖਬਰਾਂ
ਪੰਜਾਬ ਵਿੱਚ ਨਸ਼ਾ ਮੁਕਤੀ ਦੇ ਮੁੱਦੇ ਨੂੰ ਲੈ ਕੇ ਸਿਆਸਤ ਅਤੇ ਸੰਗੀਤ ਜਗਤ ਆਹਮੋ-ਸਾਹਮਣੇ ਹੋ ਗਏ ਹਨ। ਬਾਲੀਵੁੱਡ ਰੈਪਰ ਯੋ-ਯੋ ਹਨੀ ਸਿੰਘ ਅਤੇ ਭਾਰਤੀ ਜਨਤਾ ਪਾਰਟੀ (BJP) ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦੀ ਹਾਲ ਹੀ ਵਿੱਚ ਹੋਈ ਇੱਕ ਮੁਲਾਕਾਤ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਮੁਲਾਕਾਤ ਦੌਰਾਨ ਦੋਵਾਂ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬੀ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ 'ਦੁੱਧ, ਦਹੀਂ, ਲੱਸੀ ਤੇ ਘਿਓ' ਵਰਗੀ ਰਵਾਇਤੀ ਖ਼ੁਰਾਕ ਅਪਣਾਉਣ ਦਾ ਹੋਕਾ ਦਿੱਤਾ ਸੀ। ਪਰ, ਖ਼ੁਦ ਸਾਲਾਂ ਬੱਧੀ ਨਸ਼ਿਆਂ ਦੀ ਦਲਦਲ ਵਿੱਚ ਫਸੇ ਰਹਿਣ ਦਾ ਪ੍ਰਗਟਾਵਾ ਕਰ ਚੁੱਕੇ ਹਨੀ ਸਿੰਘ ਦਾ ਇਸ ਮੁਹਿੰਮ ਵਿੱਚ ਅੱਗੇ ਆਉਣਾ ਕਈਆਂ ਦੇ ਗਲੇ ਨਹੀਂ ਉਤਰ ਰਿਹਾ, ਜਿਸ ਕਾਰਨ ਹੁਣ ਇਸ 'ਤੇ ਤਿੱਖੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਪੰਜਾਬੀ ਗਾਇਕੀ ਦੇ ਪ੍ਰਮੁੱਖ ਚਿਹਰੇ ਜਸਬੀਰ ਜੱਸੀ ਨੇ ਇਸ ਮਾਮਲੇ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਭਾਜਪਾ ਆਗੂ ਤਰੁਣ ਚੁੱਘ ਅਤੇ ਹਨੀ ਸਿੰਘ ਦੋਵਾਂ ਨੂੰ ਨਿਸ਼ਾਨੇ 'ਤੇ ਲਿਆ ਹੈ।
ਜੱਸੀ ਨੇ ਭਰੇ ਮਨ ਨਾਲ ਕਿਹਾ ਕਿ ਇਹ ਬੇਹੱਦ ਦੁਖਦਾਈ ਹੈ ਕਿ ਜਿਸ ਗਾਇਕ ਨੇ ਆਪਣੀ ਗਾਇਕੀ ਰਾਹੀਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਅਤੇ ਲੱਚਰਤਾ ਵੱਲ ਧਕੇਲਿਆ, ਅੱਜ ਉਸੇ ਨੂੰ ਹੀ ਨਸ਼ਾ ਮੁਕਤ ਪੰਜਾਬ ਦਾ 'ਬ੍ਰਾਂਡ ਅੰਬੈਂਸਡਰ' ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ਵਿੱਚ ਸਿੱਧਾ ਸਵਾਲ ਦਾਗਿਆ— "ਪੰਜਾਬ ਨੂੰ ਬਚਾ ਰਹੇ ਹੋ, ਜਾਂ ਚਿੜਾ ਰਹੇ ਹੋ? ਦੁੱਧ ਦੀ ਰਾਖੀ ’ਤੇ ਬਿੱਲਾ ਬਿਠਾ ਰਹੇ ਹੋ।" ਜੱਸੀ ਨੇ ਸਪੱਸ਼ਟ ਕੀਤਾ ਕਿ ਭਾਵੇਂ ਉਹ ਰਾਜਨੀਤੀ ਤੋਂ ਦੂਰ ਰਹਿੰਦੇ ਹਨ, ਪਰ ਜਦੋਂ ਵੀ ਪੰਜਾਬ ਦੇ ਵਜੂਦ ਅਤੇ ਸੱਭਿਆਚਾਰ ਦੀ ਗੱਲ ਆਵੇਗੀ, ਉਹ ਚੁੱਪ ਨਹੀਂ ਬੈਠਣਗੇ।
ਤਰੁਣ ਚੁੱਘ ਦੀ ਸਿਆਸੀ ਸਮਝ 'ਤੇ ਟਿੱਪਣੀ ਕਰਦਿਆਂ ਜਸਬੀਰ ਜੱਸੀ ਨੇ ਕਿਹਾ कि ਦਿੱਲੀ, ਮੁੰਬਈ, ਲਖਨਊ ਜਾਂ ਬੰਗਲੌਰ ਵਰਗੇ ਵੱਡੇ ਸ਼ਹਿਰਾਂ ਵਿੱਚ ਬੈਠੇ ਸਿਆਸਤਦਾਨਾਂ ਨੂੰ ਪੰਜਾਬ ਦੇ ਅਸਲ ਮੁੱਦਿਆਂ ਦੀ ਡੂੰਘੀ ਸਮਝ ਨਹੀਂ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਸੋਸ਼ਲ ਮੀਡੀਆ ਜਾਂ ਗਲੈਮਰ ਦੀ ਦੁਨੀਆ ਵਿੱਚ ਮਸ਼ਹੂਰ ਹੈ, ਉਹੀ ਪੰਜਾਬ ਦੀ ਪ੍ਰਤੀਨਿਧਤਾ ਕਰਦਾ ਹੈ। ਜੱਸੀ ਮੁਤਾਬਕ ਪੰਜਾਬ ਕੋਈ ਆਮ ਖੇਤਰ ਨਹੀਂ, ਸਗੋਂ ਇੱਕ ਪਵਿੱਤਰ ਜਜ਼ਬਾਤ ਅਤੇ ਅਮੀਰ ਵਿਰਾਸਤ ਦਾ ਖ਼ਜ਼ਾਨਾ ਹੈ, ਜਿਸ ਦਾ ਕੁਝ ਲੋਕ ਸਿਰਫ਼ ਆਪਣੇ ਨਿੱਜੀ ਫਾਇਦੇ ਲਈ ਇਸਤੇਮਾਲ ਕਰਦੇ ਹਨ।
ਜੱਸੀ ਨੇ ਤਰੁਣ ਚੁੱਘ ਨਾਲ ਹੋਈ ਆਪਣੀ ਇੱਕ ਪੁਰਾਣੀ ਬੈਠਕ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਉਦੋਂ ਵੀ ਚੇਤਾਵਨੀ ਦਿੱਤੀ ਸੀ ਕਿ ਭਾਜਪਾ ਪੰਜਾਬ ਅੰਦਰ ਅਜਿਹੇ ਸਿਆਸੀ ਚਿਹਰਿਆਂ ਨੂੰ ਅੱਗੇ ਲਿਆ ਰਹੀ ਹੈ, ਜਿਨ੍ਹਾਂ ਨੂੰ ਪੰਜਾਬ ਦੇ ਲੋਕ ਕਦੇ ਸਵੀਕਾਰ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਹਿੰਦੂ ਹੋਵੇ ਜਾਂ ਸਿੱਖ, ਦੋਵੇਂ ਗੁਰਬਾਣੀ ਦੇ ਇਤਿਹਾਸ ਅਤੇ ਸਾਂਝੀਵਾਲਤਾ ਨੂੰ ਮੰਨਦੇ ਹਨ। ਪਰ ਹਨੀ ਸਿੰਘ ਵਰਗੇ ਵਿਵਾਦਿਤ ਚਿਹਰਿਆਂ ਨੂੰ ਨਸ਼ਾ ਮੁਕਤੀ ਦੀ ਮੁਹਿੰਮ ਦਾ ਮੋਹਰੀ ਬਣਾਉਣ ਨਾਲ ਭਾਜਪਾ ਦੀ ਪੰਜਾਬ ਪ੍ਰਤੀ ਨੀਅਤ 'ਤੇ ਸ਼ੱਕ ਹੁੰਦਾ ਹੈ। ਜੱਸੀ ਨੇ ਅਖੀਰ ਵਿੱਚ ਕਿਹਾ ਕਿ ਉਹ ਜਾਣਦੇ ਹਨ ਕਿ ਇਸ ਬਿਆਨ ਨਾਲ ਉਨ੍ਹਾਂ ਦੇ ਕਰੀਅਰ ਨੂੰ ਨੁਕਸਾਨ ਪਹੁੰਚ ਸਕਦਾ ਹੈ, ਪਰ ਉਹ ਪੰਜਾਬ ਦੀ ਖ਼ਾਤਰ ਹਰ ਨੁਕਸਾਨ ਝੱਲਣ ਲਈ ਤਿਆਰ ਹਨ।
Get all latest content delivered to your email a few times a month.