ਤਾਜਾ ਖਬਰਾਂ
ਅਬੋਹਰ ਦੇ ਸ਼੍ਰੀਗੰਗਾਨਗਰ ਰੋਡ ਸਥਿਤ ਨਿਊ ਸ਼ਾਕਿਆ ਨਗਰ ਦੇ ਬੂਥ ਨੰਬਰ 30 ’ਤੇ ਵੋਟਿੰਗ ਦੌਰਾਨ ਉਸ ਵੇਲੇ ਹੰਗਾਮੇ ਵਾਲਾ ਮਾਹੌਲ ਬਣ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (AAP) ਦੇ ਵਰਕਰ ਆਪਸ ਵਿੱਚ ਭਿੜ ਗਏ। ਦੋਵੇਂ ਧਿਰਾਂ ਨੇ ਇਕ-ਦੂਜੇ ’ਤੇ ਜਾਅਲੀ ਵੋਟਾਂ ਪਵਾਉਣ ਦੇ ਦੋਸ਼ ਲਗਾਏ, ਜਿਸ ਤੋਂ ਬਾਅਦ ਤਕਰਾਰ ਹਿੰਸਕ ਝੜਪ ਵਿੱਚ ਤਬਦੀਲ ਹੋ ਗਈ। ਮੌਕੇ ’ਤੇ ਇੱਟਾਂ ਅਤੇ ਪੱਥਰ ਚੱਲੇ, ਜਿਸ ਕਾਰਨ ਇੱਕ ਔਰਤ ਸਮੇਤ ਪੰਜ ਲੋਕ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ, ਅਕਾਲੀ ਦਲ ਦੇ ਸਮਰਥਕਾਂ ਨੇ ਦੋਸ਼ ਲਗਾਇਆ ਕਿ ਕੁਝ AAP ਵਰਕਰ ਜ਼ਬਰਦਸਤੀ ਜਾਅਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਦੋਵੇਂ ਪਾਸਿਆਂ ਵਿਚਾਲੇ ਤਿੱਖੀ ਬਹਿਸ ਹੋਈ ਅਤੇ ਮਾਹੌਲ ਹਿੰਸਕ ਬਣ ਗਿਆ। ਇਸ ਦੌਰਾਨ ਇੱਟਾਂ ਨਾਲ ਕੀਤੇ ਹਮਲੇ ਵਿੱਚ ਅਕਾਲੀ ਦਲ ਨਾਲ ਸੰਬੰਧਿਤ ਕਰਮਚੰਦ ਅਤੇ ਸੰਜੇ ਕੁਮਾਰ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਬਚਾਉਣ ਆਈ ਸੀਮਾ ਦੇਵੀ ਵੀ ਹਮਲੇ ਦੌਰਾਨ ਜ਼ਖਮੀ ਹੋ ਗਈ।
ਉੱਥੇ ਹੀ AAP ਨਾਲ ਸੰਬੰਧਿਤ ਮੋਹਨ ਲਾਲ ਅਤੇ ਅਜੈ ਕੁਮਾਰ ਵੀ ਇਸ ਝੜਪ ਵਿੱਚ ਜ਼ਖਮੀ ਹੋਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ-2 ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਹਾਲਾਤਾਂ ਨੂੰ ਕਾਬੂ ਕਰਦਿਆਂ ਦੰਗਾਕਾਰੀਆਂ ਨੂੰ ਖ਼ਦੇੜਿਆ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਕਰਮਚੰਦ ਅਤੇ ਸੰਜੇ ਕੁਮਾਰ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਕਰਮਚੰਦ ਦੀ ਨਾਜ਼ੁਕ ਹਾਲਤ ਦੇ ਚਲਦਿਆਂ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਅਕਾਲੀ ਦਲ ਅਬੋਹਰ ਹਲਕੇ ਦੇ ਇੰਚਾਰਜ ਹਰਬਿੰਦਰ ਸਿੰਘ ਹੈਰੀ ਅਤੇ ਯੂਥ ਹਲਕਾ ਇੰਚਾਰਜ ਸਾਹਿਲ ਛਾਬੜਾ ਵੀ ਹਸਪਤਾਲ ਪਹੁੰਚੇ। ਉਨ੍ਹਾਂ ਨੇ AAP ਆਗੂਆਂ ’ਤੇ ਧੱਕੇਸ਼ਾਹੀ ਅਤੇ ਗੁੰਡਾਗਰਦੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ।
Get all latest content delivered to your email a few times a month.