ਤਾਜਾ ਖਬਰਾਂ
ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ 'ਪਦਮਸ਼੍ਰੀ ਪੁਰਸਕਾਰ' ਅੱਜ ਪੰਜਾਬ ਦੀਆਂ ਤਿੰਨ ਮਹਾਨ ਸ਼ਖਸੀਅਤਾਂ ਦੀ ਝੋਲੀ ਪੈਣ ਜਾ ਰਿਹਾ ਹੈ। ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਵਿਸ਼ੇਸ਼ ਅਤੇ ਗੌਰਵਮਈ ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ, 25 ਮਈ ਨੂੰ ਇਨ੍ਹਾਂ ਵੱਕਾਰੀ ਪੁਰਸਕਾਰਾਂ ਦੀ ਵੰਡ ਕਰਨਗੇ। ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੀਆਂ ਇਨ੍ਹਾਂ ਹਸਤੀਆਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਅੰਤਰਰਾਸ਼ਟਰੀ ਹਾਕੀ ਕੋਚ ਬਲਦੇਵ ਸਿੰਘ ਅਤੇ ਪ੍ਰਸਿੱਧ ਧਾਰਮਿਕ ਸ਼ਖਸੀਅਤ ਸੰਤ ਨਿਰੰਜਨ ਦਾਸ ਸ਼ਾਮਲ ਹਨ।
ਭਾਰਤੀ ਮਹਿਲਾ ਕ੍ਰਿਕਟ ਦੀ ਦਮਦਾਰ ਕਪਤਾਨ ਹਰਮਨਪ੍ਰੀਤ ਕੌਰ ਨੇ ਖੇਡ ਜਗਤ ਵਿੱਚ ਕਈ ਬੇਮਿਸਾਲ ਰਿਕਾਰਡ ਆਪਣੇ ਨਾਮ ਕੀਤੇ ਹਨ। ਉਨ੍ਹਾਂ ਦੀ ਹੀ ਅਗਵਾਈ ਵਿੱਚ ਭਾਰਤੀ ਟੀਮ ਨੇ ਮਹਿਲਾ ਵਿਸ਼ਵ ਕੱਪ ਵਿੱਚ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ। ਇਸ ਤੋਂ ਇਲਾਵਾ, ਹਰਮਨਪ੍ਰੀਤ ਕੌਰ ਟੀ-20 ਅੰਤਰਰਾਸ਼ਟਰੀ ਕ੍ਰਿਕਟ ਫਾਰਮੈਟ ਵਿੱਚ ਸੈਂਕੜਾ ਜੜਨ ਵਾਲੀ ਦੇਸ਼ ਦੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੈ। ਖੇਡਾਂ ਵਿੱਚ ਉਨ੍ਹਾਂ ਦੇ ਇਸੇ ਬੇਮਿਸਾਲ ਯੋਗਦਾਨ ਸਦਕਾ ਅੱਜ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਨਿਵਾਜਿਆ ਜਾ ਰਿਹਾ ਹੈ।
ਹਾਕੀ ਦੇ ਖੇਤਰ ਵਿੱਚ ਦੇਸ਼ ਦਾ ਨਾਮ ਚਮਕਾਉਣ ਵਾਲੇ 75 ਸਾਲਾ ਅਨੁਭਵੀ ਕੋਚ ਬਲਦੇਵ ਸਿੰਘ ਦਾ ਖੇਡ ਸਫ਼ਰ ਬੇਹੱਦ ਪ੍ਰੇਰਨਾਦਾਇਕ ਰਿਹਾ ਹੈ। ਉਨ੍ਹਾਂ ਨੇ ਆਪਣੇ ਚਾਰ ਦਹਾਕਿਆਂ ਤੋਂ ਲੰਬੇ ਕਰੀਅਰ ਦੌਰਾਨ ਦੇਸ਼ ਨੂੰ 80 ਤੋਂ ਵੱਧ ਅੰਤਰਰਾਸ਼ਟਰੀ ਖਿਡਾਰੀ ਅਤੇ 8 ਭਾਰਤੀ ਹਾਕੀ ਕਪਤਾਨ ਦਿੱਤੇ ਹਨ।
ਸ਼ਾਹਬਾਦ ਨੂੰ ਬਣਾਇਆ ਹਾਕੀ ਦਾ ਗੜ੍ਹ: ਬਲਦੇਵ ਸਿੰਘ 1982 ਵਿੱਚ ਹਰਿਆਣਾ ਖੇਡ ਵਿਭਾਗ ਵਿੱਚ ਬਤੌਰ ਕੋਚ ਸ਼ਾਹਬਾਦ ਮਾਰਕੰਡਾ ਪਹੁੰਚੇ ਸਨ। ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਸਦਕਾ ਇਸ ਛੋਟੇ ਜਿਹੇ ਕਸਬੇ ਨੂੰ ਦੇਸ਼ ਦੀ ਮਹਿਲਾ ਹਾਕੀ ਪ੍ਰਤਿਭਾ ਦੇ ਸਭ ਤੋਂ ਵੱਡੇ ਕੇਂਦਰ (ਨਰਸਰੀ) ਵਿੱਚ ਤਬਦੀਲ ਕਰ ਦਿੱਤਾ।
ਸਿਖਲਾਈ ਅਤੇ ਸਫ਼ਰ ਦੀ ਸ਼ੁਰੂਆਤ: ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭੈਣੀ ਸਾਹਿਬ ਦੀ ਨਾਮਧਾਰੀ ਹਾਕੀ ਟੀਮ ਨਾਲ ਕੀਤੀ ਸੀ ਅਤੇ ਬੰਗਲੁਰੂ ਦੇ ਐਨ.ਆਈ.ਐਸ. (NIS) ਤੋਂ ਕੋਚਿੰਗ ਦਾ ਡਿਪਲੋਮਾ ਹਾਸਲ ਕੀਤਾ ਸੀ।
ਬਲਦੇਵ ਸਿੰਘ ਸਿਰਫ਼ ਘਰੇਲੂ ਪੱਧਰ 'ਤੇ ਹੀ ਨਹੀਂ, ਸਗੋਂ ਰਾਸ਼ਟਰੀ ਟੀਮ ਦੇ ਮੁੱਖ ਕੋਚ ਵਜੋਂ ਵੀ ਸਫ਼ਲ ਰਹੇ ਹਨ। ਉਨ੍ਹਾਂ ਨੇ 2001 ਤੋਂ 2004 ਤੱਕ ਭਾਰਤੀ ਪੁਰਸ਼ ਹਾਕੀ ਟੀਮ ਦੇ ਕੋਚ ਵਜੋਂ ਸੇਵਾਵਾਂ ਨਿਭਾਈਆਂ। ਉਨ੍ਹਾਂ ਦੀ ਅਗਵਾਈ ਹੇਠ ਭਾਰਤੀ ਟੀਮ ਨੇ ਨੀਦਰਲੈਂਡ ਵਿੱਚ ਚੈਂਪੀਅਨਜ਼ ਟਰਾਫੀ ਖੇਡੀ ਅਤੇ ਸਾਲ 2004 ਦੇ ਏਸ਼ੀਆ ਕੱਪ ਵਿੱਚ ਇਤਿਹਾਸਕ ਸੋਨ ਤਗਮਾ (Gold Medal) ਜਿੱਤਿਆ।
ਖਾਲਸਾ ਕਾਲਜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਰਗੀਆਂ ਨਾਮਵਰ ਸੰਸਥਾਵਾਂ ਵਿੱਚ ਕੋਚਿੰਗ ਦੇਣ ਵਾਲੇ ਬਲਦੇਵ ਸਿੰਘ ਕੇਂਦਰ ਸਰਕਾਰ ਦੀ ਓਲੰਪਿਕ ਟਾਸਕ ਫੋਰਸ ਦੇ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ 2020 ਟੋਕੀਓ, 2024 ਪੈਰਿਸ ਅਤੇ ਆਉਣ ਵਾਲੀਆਂ 2028 ਲਾਸ ਏਂਜਲਸ ਓਲੰਪਿਕ ਖੇਡਾਂ ਲਈ ਭਾਰਤੀ ਖਿਡਾਰੀਆਂ ਦੀਆਂ ਤਿਆਰੀਆਂ ਦਾ ਅਹਿਮ ਰੋਡਮੈਪ ਤਿਆਰ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।
Get all latest content delivered to your email a few times a month.