IMG-LOGO
ਹੋਮ ਰਾਸ਼ਟਰੀ, ਹਰਿਆਣਾ, ਸੋਨੀਪਤ 'ਚ ਖ਼ੂਨੀ ਕਾਂਡ: ਫਲੈਟ 'ਚ ਵੜ ਕੇ ਪਤੀ-ਪਤਨੀ ਸਣੇ...

ਸੋਨੀਪਤ 'ਚ ਖ਼ੂਨੀ ਕਾਂਡ: ਫਲੈਟ 'ਚ ਵੜ ਕੇ ਪਤੀ-ਪਤਨੀ ਸਣੇ ਤਿੰਨ ਲੋਕਾਂ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਸਨਸਨੀ

Admin User - May 25, 2026 12:37 PM
IMG

ਸੋਨੀਪਤ ਦੇ ਕੁੰਡਲੀ ਇਲਾਕੇ ਵਿੱਚ ਸਥਿਤ ਟੀ.ਡੀ.ਆਈ. ਸਿਟੀ ਦੇ ਬੀ.ਪੀ.ਐੱਲ. ਫਲੈਟਾਂ ਵਿੱਚ ਬੀਤੀ ਦੇਰ ਰਾਤ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਇੱਕ ਸਿਰਫਿਰੇ ਹਮਲਾਵਰ ਨੇ ਲੋਹੇ ਦੀ ਰਾਡ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਤਿੰਨ ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕਾਂ ਵਿੱਚ ਇੱਕ ਪਤੀ-ਪਤਨੀ ਅਤੇ ਇੱਕ ਹੋਰ ਮਹਿਲਾ ਸ਼ਾਮਲ ਹੈ। ਵਾਰਦਾਤ ਤੋਂ ਬਾਅਦ ਪੂਰੀ ਸੁਸਾਇਟੀ ਵਿੱਚ ਚੀਕ-ਚਿਹਾੜਾ ਮਚ ਗਿਆ ਅਤੇ ਲੋਕ ਸਹਿਮ ਗਏ। ਸੂਚਨਾ ਮਿਲਦੇ ਹੀ ਕੁੰਡਲੀ ਥਾਣਾ ਪੁਲਿਸ ਅਤੇ ਐੱਫ.ਐੱਸ.ਐੱਲ. (FSL) ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਜੁਟਾਉਣੇ ਸ਼ੁਰੂ ਕਰ ਦਿੱਤੇ ਹਨ।


ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਕਤਲ ਦਾ ਕਾਰਨ ਗੁਆਂਢੀਆਂ ਵੱਲੋਂ ਮੁਲਜ਼ਮ ਦੇ ਚਰਿੱਤਰ 'ਤੇ ਚੁੱਕੇ ਗਏ ਸਵਾਲ ਦੱਸੇ ਜਾ ਰਹੇ ਹਨ।


ਕਤਲ ਦੇ ਮੁਲਜ਼ਮ ਦੀ ਪਛਾਣ ਬ੍ਰਹਮਪ੍ਰਕਾਸ਼ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਝੱਜਰ ਦੇ ਜਸੋਰ ਖੇੜੀ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਦਿੱਲੀ ਪੁਲਿਸ ਵਿੱਚ ਤਾਇਨਾਤ ਸੀ ਪਰ ਉਸ ਦੀਆਂ ਹਿੰਸਕ ਗਤੀਵਿਧੀਆਂ ਕਾਰਨ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।


ਸਥਾਨਕ ਲੋਕਾਂ ਮੁਤਾਬਕ ਮੁਲਜ਼ਮ ਦੇ ਕਿਸੇ ਮਹਿਲਾ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਗੁਆਂਢੀ ਅਕਸਰ ਇਤਰਾਜ਼ ਜਤਾਉਂਦੇ ਸਨ। ਦੇਰ ਰਾਤ ਕਰੀਬ 11:30 ਵਜੇ ਇਸੇ ਗੱਲ ਨੂੰ ਲੈ ਕੇ ਹੋਈ ਬਹਿਸ ਨੇ ਖ਼ੂਨੀ ਰੂਪ ਲੈ ਲਿਆ। ਮੁਲਜ਼ਮ ਨੇ ਇੰਨੀ ਬੇਰਹਿਮੀ ਦਿਖਾਈ ਕਿ ਤਿੰਨਾਂ ਪੀੜਤਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਦਿੱਤਾ।


ਸੋਨੀਪਤ ਦੇ ਕੋਰਟ ਮੁਹੱਲਾ ਦੇ ਰਹਿਣ ਵਾਲੇ ਵਿਜੇ ਅਤੇ ਉਸ ਦੀ ਪਤਨੀ 'ਤੇ ਮੁਲਜ਼ਮ ਨੇ ਰਾਡ ਨਾਲ ਹਮਲਾ ਕੀਤਾ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਤੀਜੀ ਮ੍ਰਿਤਕਾ ਦੀ ਪਛਾਣ ਪਿੰਡ ਬੜੌਲੀ ਦੀ ਰਹਿਣ ਵਾਲੀ ਸਵਾਤੀ(32) ਵਜੋਂ ਹੋਈ ਹੈ, ਜੋ ਫਲੈਟ ਨੰਬਰ 1431 ਦੀ ਦੂਜੀ ਮੰਜ਼ਿਲ 'ਤੇ ਰਹਿੰਦੀ ਸੀ। ਉਸ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।


ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।


"ਮੁਲਜ਼ਮ ਦਾ ਪਿਛੋਕੜ ਅਪਰਾਧਿਕ ਅਤੇ ਹਮਲਾਵਰ ਰਿਹਾ ਹੈ। ਦਿੱਲੀ ਪੁਲਿਸ ਤੋਂ ਬਰਖਾਸਤ ਹੋਣ ਤੋਂ ਬਾਅਦ ਉਹ ਅਕਸਰ ਲੋਕਾਂ ਨਾਲ ਝਗੜਾ ਕਰਦਾ ਰਹਿੰਦਾ ਸੀ। ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।"


ਇਸ ਤ੍ਰਿਪਲ ਮਰਡਰ ਨੇ ਸੋਨੀਪਤ ਪ੍ਰਸ਼ਾਸਨ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਹੁਣ ਗੁਆਂਢੀਆਂ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਨੂੰ ਅੱਗੇ ਵਧਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.