ਤਾਜਾ ਖਬਰਾਂ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ 'ਤੇ ਜਾਨਲੇਵਾ ਹਮਲਾ ਕਰਨ ਦੀ ਇੱਕ ਸਨਸਨੀਖੇਜ਼ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ, ਈਰਾਨ ਦੀ ਖ਼ੁਫ਼ੀਆ ਸੁਰੱਖਿਆ ਫੋਰਸ 'ਇਸਲਾਮਿਕ ਰਿਵੋਲਿਊਸ਼ਨਰੀ ਗਾਰਡਸ ਕਾਰਪਸ' (IRGC) ਦੇ ਇੱਕ ਸਿਖਲਾਈ ਪ੍ਰਾਪਤ ਕਮਾਂਡਰ ਨੇ ਇਵਾਂਕਾ ਟਰੰਪ ਨੂੰ ਆਪਣਾ ਮੁੱਖ ਨਿਸ਼ਾਨਾ ਬਣਾਇਆ ਸੀ। ਅਮਰੀਕੀ ਅਖ਼ਬਾਰ 'ਨਿਊਯਾਰਕ ਪੋਸਟ' ਦੀ ਇੱਕ ਰਿਪੋਰਟ ਅਨੁਸਾਰ, ਆਈ.ਆਰ.ਜੀ.ਸੀ. ਨਾਲ ਜੁੜੇ ਅੱਤਵਾਦੀ ਮੁਹੰਮਦ ਬਾਕਰ ਸਾਦ ਦਾਊਦ ਅਲ-ਸਾਦੀ ਨੇ ਇਵਾਂਕਾ ਨੂੰ ਜਾਨੋਂ ਮਾਰਨ ਦੀ ਸਹੁੰ ਖਾਧੀ ਹੋਈ ਸੀ। ਸੁਰੱਖਿਆ ਏਜੰਸੀਆਂ ਨੂੰ ਜਾਂਚ ਦੌਰਾਨ ਉਸ ਕੋਲੋਂ ਇਵਾਂਕਾ ਟਰੰਪ ਦੇ ਫਲੋਰੀਡਾ ਸਥਿਤ ਨਿੱਜੀ ਰਿਹਾਇਸ਼ ਦਾ ਪੂਰਾ ਨਕਸ਼ਾ (ਬਲੂਪ੍ਰਿੰਟ) ਵੀ ਬਰਾਮਦ ਹੋਇਆ ਹੈ।
ਰਿਪੋਰਟਾਂ ਮੁਤਾਬਕ, ਗ੍ਰਿਫ਼ਤਾਰ ਕੀਤਾ ਗਿਆ ਸਾਜ਼ਿਸ਼ਕਰਤਾ ਅਲ-ਸਾਦੀ ਇੱਕ ਇਰਾਕੀ ਨਾਗਰਿਕ ਹੈ। ਉਹ ਟਰੰਪ ਪਰਿਵਾਰ 'ਤੇ ਹਮਲਾ ਕਰਕੇ ਆਪਣੇ ਆਕਾ ਅਤੇ ਈਰਾਨੀ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੀ ਫਿਰਾਕ ਵਿੱਚ ਸੀ। ਜ਼ਿਕਰਯੋਗ ਹੈ ਕਿ ਛੇ ਸਾਲ ਪਹਿਲਾਂ ਬਗਦਾਦ ਵਿੱਚ ਇੱਕ ਅਮਰੀਕੀ ਹਵਾਈ ਹਮਲੇ ਦੌਰਾਨ ਕਾਸਿਮ ਸੁਲੇਮਾਨੀ ਮਾਰਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਅਲ-ਸਾਦੀ, ਸੁਲੇਮਾਨੀ ਨੂੰ ਆਪਣਾ ਰੂਹਾਨੀ ਗੁਰੂ ਮੰਨਦਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਅਮਰੀਕਾ ਤੋਂ ਬਦਲਾ ਲੈਣ ਲਈ ਤੜਫ ਰਿਹਾ ਸੀ।
ਵਾਸ਼ਿੰਗਟਨ ਸਥਿਤ ਇਰਾਕੀ ਦੂਤਾਵਾਸ ਦੇ ਸਾਬਕਾ ਡਿਪਟੀ ਮਿਲਟਰੀ ਅਟੈਚੀ ਇੰਤੀਫਾਧ ਕਨਬਰ ਨੇ ਇਸ ਮਾਮਲੇ 'ਤੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ 'ਨਿਊਯਾਰਕ ਪੋਸਟ' ਨੂੰ ਦੱਸਿਆ ਕਿ ਸੁਲੇਮਾਨੀ ਦੀ ਮੌਤ ਤੋਂ ਬਾਅਦ ਅਲ-ਸਾਦੀ ਅਕਸਰ ਆਪਣੇ ਸਾਥੀਆਂ ਅਤੇ ਆਮ ਲੋਕਾਂ ਦੇ ਸਾਹਮਣੇ ਨਫ਼ਰਤ ਉਗਲਦਾ ਸੀ। ਉਹ ਕਹਿੰਦਾ ਹੁੰਦਾ ਸੀ, "ਸਾਨੂੰ ਹਰ ਹਾਲ ਵਿੱਚ ਇਵਾਂਕਾ ਟਰੰਪ ਨੂੰ ਮਾਰਨਾ ਪਵੇਗਾ, ਤਾਂ ਜੋ ਡੋਨਾਲਡ ਟਰੰਪ ਦੇ ਪਰਿਵਾਰ ਅਤੇ ਘਰ ਨੂੰ ਉਸੇ ਤਰ੍ਹਾਂ ਸਾੜ ਕੇ ਸੁਆਹ ਕੀਤਾ ਜਾ ਸਕੇ, ਜਿਸ ਤਰ੍ਹਾਂ ਉਨ੍ਹਾਂ ਨੇ ਸਾਡਾ ਘਰ ਬਰਬਾਦ ਕੀਤਾ ਸੀ।"
ਜਾਂਚ ਰਿਪੋਰਟਾਂ ਵਿੱਚ ਇਹ ਹੈਰਾਨੀਜਨਕ ਦਾਅਵਾ ਵੀ ਕੀਤਾ ਗਿਆ ਹੈ ਕਿ ਫੜੇ ਗਏ ਅੱਤਵਾਦੀ ਨੇ ਸੋਸ਼ਲ ਮੀਡੀਆ 'ਤੇ ਇਵਾਂਕਾ ਟਰੰਪ ਦੀ ਫਲੋਰੀਡਾ ਸਥਿਤ ਰਿਹਾਇਸ਼ ਦੀ ਇੱਕ ਤਸਵੀਰ ਅਤੇ ਨਕਸ਼ਾ ਸਾਂਝਾ ਕੀਤਾ ਸੀ। ਇਸ ਤਸਵੀਰ ਦੇ ਨਾਲ ਉਸ ਨੇ ਅਮਰੀਕੀ ਸੁਰੱਖਿਆ ਏਜੰਸੀਆਂ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਇੱਕ ਧਮਕੀ ਭਰਿਆ ਸੁਨੇਹਾ ਵੀ ਲਿਖਿਆ ਸੀ।
"ਮੈਂ ਅਮਰੀਕੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਤਸਵੀਰ ਨੂੰ ਧਿਆਨ ਨਾਲ ਦੇਖ ਲਵੋ। ਇਹ ਸਮਝ ਲਵੋ ਕਿ ਨਾ ਤਾਂ ਤੁਹਾਡੇ ਇਹ ਆਲੀਸ਼ਾਨ ਮਹਿਲ ਅਤੇ ਨਾ ਹੀ ਤੁਹਾਡੀ 'ਸੀਕਰੇਟ ਸਰਵਿਸ' (ਸੁਰੱਖਿਆ ਏਜੰਸੀ) ਤੁਹਾਡੀ ਰੱਖਿਆ ਕਰ ਸਕੇਗੀ। ਅਸੀਂ ਇਸ ਵੇਲੇ ਸਿਰਫ਼ ਨਿਗਰਾਨੀ ਅਤੇ ਵਿਸ਼ਲੇਸ਼ਣ ਦੇ ਪੜਾਅ 'ਤੇ ਹਾਂ। ਮੈਂ ਪਹਿਲਾਂ ਵੀ ਕਿਹਾ ਸੀ ਕਿ ਸਾਡਾ ਬਦਲਾ ਲੈਣਾ ਸਿਰਫ਼ ਸਮੇਂ ਦੀ ਗੱਲ ਹੈ।"
Get all latest content delivered to your email a few times a month.