ਤਾਜਾ ਖਬਰਾਂ
ਪੁਲਵਾਮਾ ਹਮਲੇ ਦੇ ਸਾਜ਼ਿਸ਼ਕਰਤਾ ਹਮਜ਼ਾ ਬੁਰਹਾਨ ਦੀ ਪਾਕਿਸਤਾਨ ‘ਚ ਹੱਤਿਆ, ਮੁਜ਼ੱਫਰਾਬਾਦ ਵਿੱਚ ਅਣਪਛਾਤੇ ਹਮਲਾਵਰਾਂ ਨੇ ਮਾਰੀਆਂ ਗੋਲੀਆਂ
ਸਾਲ 2019 ਵਿੱਚ ਹੋਏ ਭਿਆਨਕ ਪੁਲਵਾਮਾ ਅੱਤਵਾਦੀ ਹਮਲੇ ਨਾਲ ਜੁੜਿਆ ਇੱਕ ਵੱਡਾ ਨਾਮ ਹਮਜ਼ਾ ਬੁਰਹਾਨ ਪਾਕਿਸਤਾਨ ਵਿੱਚ ਮਾਰਿਆ ਗਿਆ ਹੈ। ਜਾਣਕਾਰੀ ਮੁਤਾਬਕ ਹਮਜ਼ਾ ਬੁਰਹਾਨ, ਜਿਸਨੂੰ “ਡਾਕਟਰ” ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ, ‘ਤੇ ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫਰਾਬਾਦ ਇਲਾਕੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੌਰਾਨ ਉਹ ਆਪਣੇ ਘਰ ਵਿੱਚ ਮੌਜੂਦ ਸੀ ਅਤੇ ਹਮਲਾਵਰਾਂ ਨੇ ਉਸਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਰਾਊਂਡ ਫਾਇਰ ਕੀਤੇ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਮਜ਼ਾ ਬੁਰਹਾਨ ਦਾ ਨਾਮ ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਵਜੋਂ ਸਾਹਮਣੇ ਆਇਆ ਸੀ। ਭਾਰਤ ਸਰਕਾਰ ਨੇ ਉਸਦੀ ਅੱਤਵਾਦੀ ਗਤੀਵਿਧੀਆਂ ਨੂੰ ਦੇਖਦੇ ਹੋਏ ਸਾਲ 2022 ਵਿੱਚ ਉਸਨੂੰ ਅਧਿਕਾਰਿਕ ਤੌਰ ‘ਤੇ ਅੱਤਵਾਦੀ ਘੋਸ਼ਿਤ ਕੀਤਾ ਸੀ। ਸੁਰੱਖਿਆ ਏਜੰਸੀਆਂ ਮੁਤਾਬਕ ਉਹ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਸੀ ਅਤੇ ਕਈ ਅੱਤਵਾਦੀ ਸਾਜ਼ਿਸ਼ਾਂ ਵਿੱਚ ਉਸਦੀ ਭੂਮਿਕਾ ਰਹੀ।
ਗੌਰਤਲਬ ਹੈ ਕਿ 14 ਫਰਵਰੀ 2019 ਨੂੰ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ ‘ਤੇ ਸੀਆਰਪੀਐਫ ਦੇ ਕਾਫਲੇ ‘ਤੇ ਇੱਕ ਆਤਮਘਾਤੀ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਆਦਿਲ ਅਹਿਮਦ ਡਾਰ ਨੇ ਵਿਸਫੋਟਕਾਂ ਨਾਲ ਭਰੀ ਗੱਡੀ ਨੂੰ ਬੱਸ ਨਾਲ ਟਕਰਾਇਆ ਸੀ, ਜਿਸ ਕਾਰਨ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਪੁਲਵਾਮਾ ਹਮਲੇ ਦੇ ਬਾਅਦ ਭਾਰਤ ਨੇ 26 ਫਰਵਰੀ 2019 ਨੂੰ ਬਾਲਾਕੋਟ ਵਿੱਚ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ ਅੰਦਰ ਜੈਸ਼-ਏ-ਮੁਹੰਮਦ ਦੇ ਟ੍ਰੇਨਿੰਗ ਕੈਂਪਾਂ ‘ਤੇ ਹਵਾਈ ਹਮਲੇ ਕੀਤੇ ਸਨ। ਭਾਰਤੀ ਹਵਾਈ ਸੈਨਾ ਦੀ ਇਸ ਕਾਰਵਾਈ ਵਿੱਚ ਕਈ ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਹੁਣ ਹਮਜ਼ਾ ਬੁਰਹਾਨ ਦੀ ਮੌਤ ਨੂੰ ਵੀ ਉਸੇ ਲੜੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
Get all latest content delivered to your email a few times a month.