IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਅਮਰੀਕਾ 'ਚ ਸਿੱਖ ਮਰਯਾਦਾ ਤਾਰ-ਤਾਰ: ਫਿਲਾਡੈਲਫੀਆ ਗੁਰੂ ਘਰ 'ਚ ਬੂਟਾਂ...

ਅਮਰੀਕਾ 'ਚ ਸਿੱਖ ਮਰਯਾਦਾ ਤਾਰ-ਤਾਰ: ਫਿਲਾਡੈਲਫੀਆ ਗੁਰੂ ਘਰ 'ਚ ਬੂਟਾਂ ਸਮੇਤ ਦਾਖਲ ਹੋਈ ਪੁਲਿਸ; ਜਥੇਦਾਰ ਗਿਆਨੀ ਟੇਕ ਸਿੰਘ ਨੇ ਜਤਾਇਆ ਭਾਰੀ ਰੋਸ

Admin User - May 21, 2026 01:01 PM
IMG

ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੇ ਸ਼ਹਿਰ ਫਿਲਾਡੈਲਫੀਆ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਸਥਾਨਕ ਪੁਲਿਸ ਵੱਲੋਂ ਬੂਟਾਂ ਸਮੇਤ ਦਾਖਲ ਹੋਣ ਅਤੇ ਗੁਰੂ ਦੀ ਗੋਲਕ ਦੇ ਬਿਲਕੁਲ ਨਜ਼ਦੀਕ ਖੜ੍ਹੇ ਹੋਣ ਦਾ ਇੱਕ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਵਾਇਰਲ ਹੋਈ ਵੀਡੀਓ ਵਿੱਚ ਸਿੱਖ ਰਵਾਇਤਾਂ ਦੀਆਂ ਸ਼ਰੇਆਮ ਧੱਜੀਆਂ ਉੱਡਦੀਆਂ ਦੇਖ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਡੂੰਘੇ ਦੁੱਖ ਅਤੇ ਕੌਮਾਂਤਰੀ ਪੱਧਰ 'ਤੇ ਭਾਰੀ ਰੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਅਮਰੀਕਾ ਵਰਗੇ ਸੱਭਿਅਕ ਦੇਸ਼ ਦੀ ਪੁਲਿਸ ਵੱਲੋਂ ਸਿੱਖਾਂ ਦੀਆਂ ਅਧਿਆਤਮਿਕ ਭਾਵਨਾਵਾਂ ਨੂੰ ਇਸ ਤਰ੍ਹਾਂ ਠੇਸ ਪਹੁੰਚਾਉਣਾ ਨਾ-ਕਾਬਿਲੇ-ਬਰਦਾਸ਼ਤ ਹੈ।


ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਗੁਰਦੁਆਰਾ ਸਾਹਿਬ ਸਿੱਖ ਕੌਮ ਲਈ ਸਭ ਤੋਂ ਪਵਿੱਤਰ ਅਤੇ ਸਰਵਉੱਚ ਅਸਥਾਨ ਹਨ। ਇੱਥੋਂ ਦੇ ਨਿਯਮਾਂ ਮੁਤਾਬਕ ਹਰ ਧਰਮ ਜਾਂ ਰੈਂਕ ਦੇ ਵਿਅਕਤੀ ਲਈ ਸਿਰ ਢੱਕ ਕੇ ਅਤੇ ਜੋੜੇ (ਜੁੱਤੀਆਂ) ਬਾਹਰ ਉਤਾਰ ਕੇ ਅੰਦਰ ਆਉਣਾ ਲਾਜ਼ਮੀ ਹੈ।


ਉਨ੍ਹਾਂ ਕਿਹਾ, "ਕੋਈ ਵੀ ਸਥਾਨਕ ਕਾਨੂੰਨ, ਪ੍ਰਸ਼ਾਸਨ ਜਾਂ ਸਰਕਾਰੀ ਅਧਿਕਾਰੀ ਗੁਰੂ ਸਾਹਿਬ ਦੇ ਸਤਿਕਾਰ ਅਤੇ ਸਿੱਖ ਰਹਿਤ ਮਰਯਾਦਾ ਤੋਂ ਉੱਪਰ ਨਹੀਂ ਹੋ ਸਕਦਾ। ਫਿਲਾਡੈਲਫੀਆ ਪੁਲਿਸ ਦੀ ਇਸ ਗੈਰ-ਜ਼ਿੰਮੇਵਾਰਾਨਾ ਹਰਕਤ ਨੇ ਦੁਨੀਆ ਭਰ ਦੇ ਕੋਨੇ-ਕੋਨੇ ਵਿੱਚ ਵੱਸਦੇ ਸਿੱਖਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ।"


ਇਸ ਘਟਨਾ ਦੇ ਅਸਲ ਕਾਰਨਾਂ 'ਤੇ ਉਂਗਲ ਉਠਾਉਂਦਿਆਂ ਜਥੇਦਾਰ ਨੇ ਗੁਰਦੁਆਰਾ ਸਾਹਿਬ ਦੀ ਸਥਾਨਕ ਪ੍ਰਬੰਧਕੀ ਕਮੇਟੀ ਦੇ ਦੋਵਾਂ ਧੜਿਆਂ ਨੂੰ ਸਖ਼ਤ ਤਾੜਨਾ ਕੀਤੀ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਅਤੇ ਚਿੰਤਾਜਨਕ ਗੱਲ ਹੈ ਕਿ ਪ੍ਰਬੰਧਕਾਂ ਦੇ ਆਪਸੀ ਨਿੱਜੀ ਝਗੜਿਆਂ, ਜ਼ਮੀਨੀ ਕਬਜ਼ਿਆਂ ਅਤੇ ਚੌਧਰ ਦੀ ਭੁੱਖ ਕਾਰਨ ਗੁਰੂ ਘਰ ਦੇ ਅੰਦਰ ਵਿਦੇਸ਼ੀ ਪੁਲਿਸ ਨੂੰ ਸੱਦਣ ਦੀ ਨੌਬਤ ਆਈ।


ਗਿਆਨੀ ਟੇਕ ਸਿੰਘ ਨੇ ਆਖਿਆ ਕਿ ਜੇਕਰ ਅੱਜ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ, ਤਾਂ ਉਸ ਦੇ ਜ਼ਿੰਮੇਵਾਰ ਇਹ ਲਾਲਚੀ ਪ੍ਰਬੰਧਕ ਹੀ ਹਨ। ਉਨ੍ਹਾਂ ਸਮੂਹ ਬਾਹਰਲੇ ਦੇਸ਼ਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਮਸਲੇ ਅਦਾਲਤਾਂ ਜਾਂ ਪੁਲਿਸ ਕੋਲ ਲਿਜਾਣ ਦੀ ਬਜਾਏ, ਸੰਗਤੀ ਰੂਪ ਵਿੱਚ ਮਰਯਾਦਾ ਦੇ ਦਾਇਰੇ ਅੰਦਰ ਰਹਿ ਕੇ ਸੁਲਝਾਉਣ, ਤਾਂ ਜੋ ਕੌਮ ਦਾ ਸਿਰ ਦੁਨੀਆ ਸਾਹਮਣੇ ਨੀਵਾਂ ਨਾ ਹੋਵੇ।


ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਭਾਰਤ ਦੇ ਵਿਦੇਸ਼ ਮੰਤਰਾਲੇ (MEA) ਅਤੇ ਅਮਰੀਕਾ ਵਿੱਚ ਸਥਿਤ ਭਾਰਤੀ ਦੂਤਾਵਾਸ (Indian Embassy) ਨੂੰ ਤੁਰੰਤ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਨੂੰ ਅਮਰੀਕੀ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਸਮਕੱਖ ਚੁੱਕਿਆ ਜਾਵੇ ਅਤੇ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਸਿੱਖ ਧਰਮ ਦੇ ਚਿੰਨ੍ਹਾਂ ਤੇ ਮਰਯਾਦਾ ਬਾਰੇ ਜਾਗਰੂਕ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਦੇਸ਼ ਅੰਦਰ ਅਜਿਹੀ ਹਿਰਦੇਵੇਦਕ ਘਟਨਾ ਦੁਬਾਰਾ ਨਾ ਵਾਪਰੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.