ਤਾਜਾ ਖਬਰਾਂ
ਦਿੱਲੀ-ਐੱਨ.ਸੀ.ਆਰ. (Delhi-NCR) ਖੇਤਰ ਵਿੱਚ ਰਹਿਣ ਵਾਲੇ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਅੱਜ ਤੋਂ ਇੱਕ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਿੱਲੀ-ਐੱਨ.ਸੀ.ਆਰ. ਵਿੱਚ ਹੁਣ ਅਗਲੇ ਤਿੰਨ ਦਿਨਾਂ ਤੱਕ ਸੜਕਾਂ ਤੋਂ ਆਟੋ ਅਤੇ ਟੈਕਸੀਆਂ ਪੂਰੀ ਤਰ੍ਹਾਂ ਗਾਇਬ ਰਹਿਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ, ਇੱਥੋਂ ਦੀਆਂ ਆਟੋ-ਟੈਕਸੀ ਯੂਨੀਅਨਾਂ ਨੇ ਅੱਜ (21 ਮਈ) ਤੋਂ ਅਗਲੇ 3 ਦਿਨਾਂ ਲਈ ਮੁਕੰਮਲ ਹੜਤਾਲ 'ਤੇ ਜਾਣ ਦਾ ਵੱਡਾ ਐਲਾਨ ਕੀਤਾ ਹੈ। ਯੂਨੀਅਨਾਂ ਵੱਲੋਂ ਸਰਕਾਰ ਕੋਲੋਂ ਤੁਰੰਤ ਪ੍ਰਭਾਵ ਨਾਲ ਕਿਰਾਇਆ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਆਟੋ-ਟੈਕਸੀ ਯੂਨੀਅਨਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ 15 ਸਾਲਾਂ ਤੋਂ ਆਟੋ ਅਤੇ ਟੈਕਸੀਆਂ ਦੇ ਸਰਕਾਰੀ ਕਿਰਾਏ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਡਰਾਈਵਰ ਗੰਭੀਰ ਆਰਥਿਕ ਮੰਦਹਾਲੀ ਅਤੇ ਦਬਾਅ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਯੂਨੀਅਨਾਂ ਦੀ ਮੰਗ ਹੈ ਕਿ ਲਗਾਤਾਰ ਵਧ ਰਹੀਆਂ ਸੀ.ਐੱਨ.ਜੀ. (CNG), ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਮੱਦੇਨਜ਼ਰ ਆਟੋ-ਟੈਕਸੀ ਦਾ ਕਿਰਾਇਆ ਵੀ ਤੁਰੰਤ ਵਧਾਇਆ ਜਾਵੇ। ਇਹੀ ਮੁੱਖ ਵਜ੍ਹਾ ਹੈ ਕਿ ਦਿੱਲੀ-NCR ਵਿੱਚ ਅੱਜ 21 ਮਈ ਤੋਂ 23 ਮਈ ਤੱਕ 3 ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।
ਹੜਤਾਲ ਅਤੇ ਮੰਦਹਾਲੀ ਬਾਰੇ ਗੱਲ ਕਰਦਿਆਂ ਟੈਕਸੀ ਚਾਲਕ ਨਰਿੰਦਰ ਤਿਵਾਰੀ ਨੇ ਕਿਹਾ, "ਕੰਪਨੀਆਂ ਵੱਲੋਂ ਰੇਟ ਘਟਾਉਣ ਕਾਰਨ ਸਾਡੀ ਸਥਿਤੀ ਬਹੁਤ ਖ਼ਰਾਬ ਹੋ ਚੁੱਕੀ ਹੈ। ਰੈਪਿਡੋ (Rapido) ਵਰਗੀ ਐਪ-ਆਧਾਰਿਤ ਕੰਪਨੀ ਬੀਤੀ 18 ਤੋਂ 25 ਅਪ੍ਰੈਲ ਤੱਕ ਸਾਨੂੰ 30 ਰੁਪਏ ਪ੍ਰਤੀ ਕਿਲੋਮੀਟਰ ਦੇ ਰਹੀ ਸੀ, ਜੋ ਹੁਣ ਘਟਾ ਕੇ ਮਹਿਜ਼ 15-16 ਰੁਪਏ ਰਹਿ ਗਈ ਹੈ। ਅਸੀਂ 21 ਤੋਂ 23 ਮਈ ਤੱਕ ਇਸੇ ਬੇਇਨਸਾਫ਼ੀ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਹੁਣ ਦੇਖਦੇ ਹਾਂ ਕਿ ਸਰਕਾਰ ਕੀ ਫੈਸਲਾ ਲੈਂਦੀ ਹੈ।"
ਓਧਰ, ਇੱਕ ਹੋਰ ਟੈਕਸੀ ਚਾਲਕ ਦਿਨੇਸ਼ ਕੁਮਾਰ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਆਖਿਆ, "ਮਾਰਕੀਟ ਵਿੱਚ ਸਾਡੀ ਮਿਹਨਤ ਦੀ ਕੋਈ ਕੀਮਤ ਨਹੀਂ ਰਹਿ ਗਈ। ਹੁਣ ਪਹਿਲਾਂ ਵਾਂਗ ਸਵਾਰੀਆਂ ਵੀ ਜ਼ਿਆਦਾ ਨਹੀਂ ਮਿਲਦੀਆਂ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਟੈਕਸੀ ਚਾਲਕਾਂ ਦੇ ਉੱਜੜ ਰਹੇ ਰੁਜ਼ਗਾਰ ਅਤੇ ਕਿਰਾਏ ਵੱਲ ਤੁਰੰਤ ਧਿਆਨ ਦੇਵੇ।"
Get all latest content delivered to your email a few times a month.