ਤਾਜਾ ਖਬਰਾਂ
ਟ੍ਰਾਈਸਿਟੀ ਅਤੇ ਪੰਜਾਬ ਦੇ ਕ੍ਰਿਕਟ ਜਗਤ ਲਈ ਇੱਕ ਬੇਹੱਦ ਖ਼ੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਪੁਰਸ਼ ਚੋਣ ਕਮੇਟੀ ਨੇ ਅਗਲੇ ਮਹੀਨੇ ਅਫ਼ਗਾਨਿਸਤਾਨ ਵਿਰੁੱਧ ਹੋਣ ਵਾਲੀ ਟੈਸਟ ਅਤੇ ਇੱਕ ਰੋਜ਼ਾ (ਵਨਡੇ) ਲੜੀ ਲਈ ਪੰਜਾਬ ਦੇ ਨੌਜਵਾਨ ਅਤੇ ਖ਼ਤਰਨਾਕ ਤੇਜ਼ ਗੇਂਦਬਾਜ਼ ਗੁਰਨੂਰ ਸਿੰਘ ਬਰਾੜ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕਰ ਲਿਆ ਹੈ। ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਹਲਕੇ ਅਧੀਨ ਪੈਂਦੇ ਪਿੰਡ 'ਖਿਓ' ਦੇ ਰਹਿਣ ਵਾਲੇ ਇਸ ਹੋਣਹਾਰ ਖਿਡਾਰੀ ਦੀ ਕੌਮੀ ਟੀਮ ਵਿੱਚ ਚੋਣ ਹੋਣ ਤੋਂ ਬਾਅਦ ਜਿੱਥੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਹੈ, ਉੱਥੇ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ।
ਵਰਤਮਾਨ ਸਮੇਂ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਗੁਜਰਾਤ ਟਾਈਟਨਜ਼ ਵੱਲੋਂ ਆਪਣੀ ਰਫ਼ਤਾਰ ਦਾ ਜੌਹਰ ਦਿਖਾ ਰਿਹਾ ਗੁਰਨੂਰ ਬਰਾੜ, ਟੀਮ ਇੰਡੀਆ ਵਿੱਚ ਜਗ੍ਹਾ ਬਣਾਉਣ ਵਾਲਾ ਮੋਹਾਲੀ ਦਾ ਤੀਜਾ ਕ੍ਰਿਕਟਰ ਬਣ ਗਿਆ ਹੈ। ਇਸ ਤੋਂ ਪਹਿਲਾਂ ਮੋਹਾਲੀ ਤੋਂ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਕੌਮੀ ਟੀਮ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ। ਗੁਰਨੂਰ ਨੇ ਘਰੇਲੂ ਕ੍ਰਿਕਟ ਦੇ 'ਸਈਅਦ ਮੁਸ਼ਤਾਕ ਅਲੀ ਟਰਾਫੀ' ਸੀਜ਼ਨ ਦੌਰਾਨ 147 ਕਿਲੋਮੀਟਰ ਪ੍ਰਤੀ ਘੰਟਾ ਦੀ ਭਿਆਨਕ ਰਫ਼ਤਾਰ ਨਾਲ ਗੇਂਦਬਾਜ਼ੀ ਕਰਕੇ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
ਮੰਗਲਵਾਰ ਨੂੰ ਗੁਹਾਟੀ ਵਿਖੇ ਹੋਈ ਚੋਣ ਕਮੇਟੀ ਦੀ ਉੱਚ-ਪੱਧਰੀ ਬੈਠਕ ਤੋਂ ਬਾਅਦ ਅਧਿਕਾਰਿਕ ਤੌਰ 'ਤੇ ਭਾਰਤੀ ਸਕੁਐਡ ਦਾ ਐਲਾਨ ਕੀਤਾ ਗਿਆ। ਮੌਜੂਦਾ ਆਈਪੀਐਲ ਸੀਜ਼ਨ ਦੇ ਖ਼ਤਮ ਹੁੰਦਿਆਂ ਹੀ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਵਨਡੇ ਲੜੀ ਦਾ ਆਗਾਜ਼ ਹੋਵੇਗਾ, ਜਿਸ ਦਾ ਪਹਿਲਾ ਰੋਮਾਂਚਕ ਮੁਕਾਬਲਾ 14 ਜੂਨ ਨੂੰ ਖ਼ੂਬਸੂਰਤ ਕ੍ਰਿਕਟ ਸਟੇਡੀਅਮ ਧਰਮਸ਼ਾਲਾ ਵਿਖੇ ਖੇਡਿਆ ਜਾਵੇਗਾ। ਅਗਲੇ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ (ODI World Cup) ਦੇ ਮੱਦੇਨਜ਼ਰ ਭਾਰਤੀ ਟੀਮ ਲਈ ਇਹ ਸੀਰੀਜ਼ ਪ੍ਰਯੋਗ ਅਤੇ ਤਿਆਰੀ ਦੇ ਲਿਹਾਜ਼ ਨਾਲ ਬੇਹੱਦ ਮਹੱਤਵਪੂਰਨ ਮੰਨੀ ਜਾ ਰਹੀ ਹੈ, ਜਿਸ ਦੀ ਕਪਤਾਨੀ ਸਟਾਰ ਖਿਡਾਰੀ ਸ਼ੁਭਮਨ ਗਿੱਲ ਦੇ ਹੱਥਾਂ ਵਿੱਚ ਸੌਂਪੀ ਗਈ ਹੈ।
ਸੱਜੇ ਹੱਥ ਨਾਲ ਤੇਜ਼ ਗੇਂਦਬਾਜ਼ੀ ਅਤੇ ਖੱਬੇ ਹੱਥ ਨਾਲ ਆਤਸ਼ੀ ਬੱਲੇਬਾਜ਼ੀ ਕਰਨ ਵਾਲੇ ਆਲਰਾਊਂਡਰ ਗੁਰਨੂਰ ਬਰਾੜ ਦਾ ਕ੍ਰਿਕਟ ਸਫ਼ਰ ਬੇਹੱਦ ਪ੍ਰੇਰਣਾਦਾਇਕ ਰਿਹਾ ਹੈ। ਸਾਲ 2019 ਵਿੱਚ ਉਹ ਪੰਜ ਵਾਰ ਦੀ ਆਈਪੀਐਲ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਨਾਲ ਬਤੌਰ ਨੈੱਟ ਗੇਂਦਬਾਜ਼ ਜੁੜਿਆ ਸੀ। ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਸ ਨੇ 14 ਦਸੰਬਰ 2022 ਨੂੰ ਗੋਆ ਵਿਰੁੱਧ ਪੰਜਾਬ ਲਈ ਲਿਸਟ-ਏ ਕ੍ਰਿਕਟ ਵਿੱਚ ਡੈਬਿਊ ਕੀਤਾ ਅਤੇ 20 ਦਸੰਬਰ 2022 ਨੂੰ ਰੇਲਵੇ ਖ਼ਿਲਾਫ਼ ਆਪਣਾ ਪਹਿਲਾ ਦਰਜਾ (First Class) ਮੈਚ ਖੇਡਿਆ। ਉਸ ਦੀ ਲਗਾਤਾਰ ਬਿਹਤਰੀਨ ਗੇਂਦਬਾਜ਼ੀ ਨੂੰ ਦੇਖਦਿਆਂ ਗੁਜਰਾਤ ਟਾਈਟਨਜ਼ ਨੇ 2025 ਦੇ ਆਈਪੀਐਲ ਸੀਜ਼ਨ ਲਈ ਉਸ ਨੂੰ 1.30 ਕਰੋੜ ਰੁਪਏ ਦੀ ਮੋਟੀ ਰਕਮ ਦੇ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ, ਅਤੇ ਹੁਣ ਉਹ ਨੀਲੀ ਜਰਸੀ ਪਾ ਕੇ ਦੇਸ਼ ਲਈ ਮੈਦਾਨ 'ਤੇ ਉਤਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
Get all latest content delivered to your email a few times a month.