ਤਾਜਾ ਖਬਰਾਂ
ਚੰਡੀਗੜ੍ਹ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਬੀਤੀ ਰਾਤ ਸੈਕਟਰ-43 ਆਈਐਸਬੀਟੀ ਨੇੜੇ ਕੀਤੀ ਗਈ ਖਾਸ ਕਾਰਵਾਈ ਦੌਰਾਨ “ਡੋਨੀ ਬਾਲ” ਅਤੇ ਮੁਹੱਬਤ ਰੰਧਾਵਾ ਗੈਂਗ ਨਾਲ ਸੰਬੰਧਤ ਤਿੰਨ ਖਤਰਨਾਕ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਾਰਵਾਈ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਅੰਜਾਮ ਦਿੱਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਗੀਤਾਂਜਲੀ ਖੰਡੇਲਵਾਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਪ੍ਰਭਜੋਤ ਸਿੰਘ, ਅਜੈਪਾਲ ਸਿੰਘ ਅਤੇ ਜੋਬਨਪ੍ਰੀਤ ਸਿੰਘ ਵਜੋਂ ਹੋਈ ਹੈ।
ਪੁਲਿਸ ਮੁਤਾਬਕ, ਇਹ ਤਿੰਨੋਂ ਕਪੂਰਥਲਾ ਦੇ ਚਰਚਿਤ “ਗੋਪੀ ਨਿੱਝਰ” ਕਤਲ ਕਾਂਡ ਵਿੱਚ ਵੀ ਸ਼ਾਮਲ ਰਹੇ ਹਨ ਅਤੇ ਕਾਫੀ ਸਮੇਂ ਤੋਂ ਪੁਲਿਸ ਦੀ ਨਿਗਰਾਨੀ ਹੇਠ ਸਨ। ਕਾਰਵਾਈ ਦੌਰਾਨ ਮੁਲਜ਼ਮਾਂ ਕੋਲੋਂ ਤਿੰਨ ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮੁੱਖ ਸ਼ੂਟਰ ਪ੍ਰਭਜੋਤ ਸਿੰਘ ਕੋਲੋਂ ਜਿਗਾਣਾ ਪਿਸਤੌਲ ਵੀ ਮਿਲੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪ੍ਰਭਜੋਤ ਹਾਲ ਹੀ ਵਿੱਚ ਮਲੇਸ਼ੀਆ ਤੋਂ ਵਾਪਸ ਭਾਰਤ ਆਇਆ ਸੀ।
ਐਸਪੀ ਖੰਡੇਲਵਾਲ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਇਹ ਗਿਰੋਹ ਹਥਿਆਰਾਂ ਦੇ ਜ਼ੋਰ ‘ਤੇ ਇੱਕ ਕਾਰ ਲੁੱਟਣ ਦੀ ਯੋਜਨਾ ਬਣਾ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਵੱਲੋਂ ਜਾਲ ਵਿਛਾਇਆ ਗਿਆ। ਜਿਵੇਂ ਹੀ ਪੁਲਿਸ ਟੀਮ ਨੇ ਮੁਲਜ਼ਮਾਂ ਨੂੰ ਘੇਰਿਆ ਤਾਂ ਉਨ੍ਹਾਂ ਨੇ ਇੱਕ ਏਐਸਆਈ ‘ਤੇ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਕਰੀਬ ਪੰਜ ਰਾਉਂਡ ਗੋਲੀਆਂ ਚੱਲੀਆਂ। ਖੁਸ਼ਕਿਸਮਤੀ ਨਾਲ ਇਸ ਮੁਕਾਬਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਤਿੰਨੋਂ ਮੁਲਜ਼ਮ ਗੈਂਗਸਟਰ ਡੋਨੀ ਬਾਲ ਨਾਲ ਲਗਾਤਾਰ ਸੰਪਰਕ ਵਿੱਚ ਸਨ ਅਤੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਹੁਣ ਚੰਡੀਗੜ੍ਹ ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਗੈਂਗ ਦੇ ਹੋਰ ਮੈਂਬਰਾਂ ਅਤੇ ਉਨ੍ਹਾਂ ਦੇ ਅਪਰਾਧਿਕ ਨੈੱਟਵਰਕ ਬਾਰੇ ਹੋਰ ਖੁਲਾਸੇ ਕੀਤੇ ਜਾ ਸਕਣ।
Get all latest content delivered to your email a few times a month.