ਤਾਜਾ ਖਬਰਾਂ
ਪੰਜਾਬ ਦੇ ਨੌਜਵਾਨਾਂ ਨਾਲ ਵਿਦੇਸ਼ ਭੇਜਣ ਦੇ ਨਾਂ ‘ਤੇ ਹੋ ਰਹੀਆਂ ਠੱਗੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਜਲੰਧਰ ਦੇ ਪਿੰਡ ਸੋਫੀ ਦਾ ਰਹਿਣ ਵਾਲਾ ਲਵਪ੍ਰੀਤ ਸਿੰਘ ਵੀ ਅਜਿਹੀ ਹੀ ਠੱਗੀ ਦਾ ਸ਼ਿਕਾਰ ਹੋਇਆ, ਜਿਸ ਨੂੰ ਦੁਬਈ ਵਿੱਚ ਨੌਕਰੀ ਦੇ ਸੁਪਨੇ ਦਿਖਾ ਕੇ ਮੁਸ਼ਕਲਾਂ ਭਰੀ ਜ਼ਿੰਦਗੀ ਵਿੱਚ ਧੱਕ ਦਿੱਤਾ ਗਿਆ। ਪਰਿਵਾਰ ਦਾ ਕਰਜ਼ਾ ਉਤਾਰਣ ਲਈ ਵਿਦੇਸ਼ ਗਿਆ ਲਵਪ੍ਰੀਤ ਉੱਥੇ ਇਸ ਕਦਰ ਫਸ ਗਿਆ ਕਿ ਆਪਣੀ ਰੋਜ਼ਾਨਾ ਦੀ ਲੋੜ ਲਈ ਵੀ ਮਾਪਿਆਂ ਤੋਂ ਪੈਸੇ ਮੰਗਣੇ ਪਏ।
ਲਵਪ੍ਰੀਤ ਨੇ ਦੱਸਿਆ ਕਿ ਇੱਕ ਟਰੈਵਲ ਏਜੰਟ ਨੇ ਉਸ ਨੂੰ ਪੈਕਿੰਗ ਦੇ ਕੰਮ ਦਾ ਝਾਂਸਾ ਦੇ ਕੇ ਦੁਬਈ ਭੇਜਿਆ ਸੀ। ਉਸ ਨੂੰ ਦੋ ਮਹੀਨੇ ਦੇ ਟੂਰਿਸਟ ਵੀਜ਼ੇ ‘ਤੇ ਭੇਜ ਕੇ ਇੱਕ ਸਟੀਲ ਕੰਪਨੀ ਵਿੱਚ ਲਗਾ ਦਿੱਤਾ ਗਿਆ। ਉੱਥੇ ਉਸ ਨਾਲ 1300 ਦਿਰਹਮ ਪ੍ਰਤੀ ਮਹੀਨਾ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਚਾਰ ਮਹੀਨੇ ਕੰਮ ਲੈਣ ਦੇ ਬਾਵਜੂਦ ਕੰਪਨੀ ਨੇ ਇੱਕ ਰੁਪਇਆ ਵੀ ਨਹੀਂ ਦਿੱਤਾ। ਇਨ੍ਹਾਂ ਹੀ ਨਹੀਂ, ਕੰਪਨੀ ਨੇ ਉਸ ਦਾ ਪਾਸਪੋਰਟ ਵੀ ਆਪਣੇ ਕਬਜ਼ੇ ਵਿੱਚ ਰੱਖ ਲਿਆ ਤਾਂ ਜੋ ਉਹ ਕਿਤੇ ਭੱਜ ਨਾ ਸਕੇ।
ਲਵਪ੍ਰੀਤ ਮੁਤਾਬਕ, ਦੁਬਈ ਵਿੱਚ ਡਰੋਨਾਂ ਅਤੇ ਮਿਜ਼ਾਈਲ ਹਮਲਿਆਂ ਦੇ ਖ਼ਤਰੇ ਕਾਰਨ ਹਮੇਸ਼ਾ ਦਹਿਸ਼ਤ ਵਾਲਾ ਮਾਹੌਲ ਬਣਿਆ ਰਹਿੰਦਾ ਸੀ। ਸਾਇਰਨ ਵੱਜਦੇ ਹੀ ਸਾਰਾ ਕੰਮਕਾਜ ਬੰਦ ਹੋ ਜਾਂਦਾ ਸੀ ਅਤੇ ਉਹ ਦਿਨ-ਰਾਤ ਡਰ ਦੇ ਸਾਏ ਹੇਠ ਜੀਉਂਦਾ ਰਿਹਾ। ਬੀਮਾਰ ਹੋਣ ਦੇ ਬਾਵਜੂਦ ਕੰਪਨੀ ਨੇ ਉਸ ਦਾ ਇਲਾਜ ਵੀ ਨਹੀਂ ਕਰਵਾਇਆ, ਜਿਸ ਕਾਰਨ ਉਸ ਦੀ ਸਿਹਤ ਲਗਾਤਾਰ ਖਰਾਬ ਹੋਣ ਲੱਗੀ।
ਪੁੱਤਰ ਦੀ ਹਾਲਤ ਦੇਖ ਕੇ ਚਿੰਤਤ ਲਵਪ੍ਰੀਤ ਦੀ ਮਾਤਾ ਨੇ 6 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫ਼ਤਰ ਪਹੁੰਚ ਕਰਕੇ ਮਦਦ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਤਨਖਾਹ ਮੰਗਣ ‘ਤੇ ਕੰਪਨੀ ਦੇ ਲੋਕ ਉਸਦੇ ਪੁੱਤਰ ਨੂੰ ਧਮਕੀਆਂ ਦਿੰਦੇ ਸਨ। ਇਸ ਤੋਂ ਬਾਅਦ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਗਿਆ ਅਤੇ ਭਾਰਤੀ ਦੂਤਾਵਾਸ ਦੀ ਮਦਦ ਨਾਲ 13 ਮਈ ਨੂੰ ਲਵਪ੍ਰੀਤ ਸਿੰਘ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਗਿਆ।
ਭਾਰਤ ਪਰਤਣ ਮਗਰੋਂ ਲਵਪ੍ਰੀਤ ਸਿੰਘ ਨੇ ਸੁਲਤਾਨਪੁਰ ਲੋਧੀ ਵਿਖੇ ਨਿਰਮਲ ਕੁਟੀਆ ਪਹੁੰਚ ਕੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ। ਇਸ ਮੌਕੇ ਸੰਤ ਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਚੇਤ ਕਰਦਿਆਂ ਅਪੀਲ ਕੀਤੀ ਕਿ ਵਿਦੇਸ਼ ਜਾਣ ਤੋਂ ਪਹਿਲਾਂ ਸਾਰੇ ਦਸਤਾਵੇਜ਼ ਅਤੇ ਵੀਜ਼ਾ ਪ੍ਰਕਿਰਿਆ ਦੀ ਪੂਰੀ ਜਾਂਚ ਕਰਵਾਉਣ ਅਤੇ ਸਿਰਫ਼ ਕਾਨੂੰਨੀ ਢੰਗ ਨਾਲ ਹੀ ਵਿਦੇਸ਼ ਜਾਣ। ਉਨ੍ਹਾਂ ਵਿਦੇਸ਼ ਮੰਤਰਾਲੇ ਅਤੇ ਦੁਬਈ ਸਥਿਤ ਭਾਰਤੀ ਦੂਤਾਵਾਸ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੀ ਕੋਸ਼ਿਸ਼ ਨਾਲ ਇੱਕ ਪੰਜਾਬੀ ਨੌਜਵਾਨ ਦੀ ਸੁਰੱਖਿਅਤ ਵਾਪਸੀ ਸੰਭਵ ਹੋ ਸਕੀ।
Get all latest content delivered to your email a few times a month.