ਤਾਜਾ ਖਬਰਾਂ
ਅਫਗਾਨਿਸਤਾਨ ਵਿਰੁੱਧ ਹੋਣ ਵਾਲੀ ਟੈਸਟ ਅਤੇ ਵਨਡੇ ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੀਰੀਜ਼ ਵਿੱਚ ਕਈ ਨਵੇਂ ਚਿਹਰੇ ਟੀਮ ਦਾ ਹਿੱਸਾ ਬਣੇ ਹਨ, ਜਦਕਿ ਕੁਝ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੀ ਟੀਮ ਵਿੱਚ ਮਾਨਵ ਸੁਥਾਰ, ਗੁਰਨੂਰ ਬਰਾੜ ਅਤੇ ਹਰਸ਼ ਦੂਬੇ ਨੂੰ ਪਹਿਲੀ ਵਾਰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਇਹ ਸੀਰੀਜ਼ 6 ਜੂਨ ਤੋਂ ਸ਼ੁਰੂ ਹੋਵੇਗੀ। ਦੋਵੇਂ ਟੀਮਾਂ ਵਿਚਕਾਰ ਇੱਕ ਟੈਸਟ ਅਤੇ ਤਿੰਨ ਵਨਡੇ ਮੈਚ ਖੇਡੇ ਜਾਣਗੇ। ਵਨਡੇ ਸੀਰੀਜ਼ ਦੇ ਮੈਚ 14 ਜੂਨ ਨੂੰ ਧਰਮਸ਼ਾਲਾ, 17 ਜੂਨ ਨੂੰ ਲਖਨਊ ਅਤੇ 20 ਜੂਨ ਨੂੰ ਚੇਨਈ ਵਿੱਚ ਖੇਡੇ ਜਾਣਗੇ।
ਟੈਸਟ ਟੀਮ ਵਿੱਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਵਰਕਲੋਡ ਮੈਨੇਜਮੈਂਟ ਦੇ ਚਲਦੇ ਆਰਾਮ ਦਿੱਤਾ ਗਿਆ ਹੈ। ਉੱਥੇ ਹੀ ਵਿਕਟਕੀਪਰ ਵਜੋਂ ਰਿਸ਼ਭ ਪੰਤ ਅਤੇ ਧਰੁਵ ਜੁਰੇਲ ਨੂੰ ਮੌਕਾ ਮਿਲਿਆ ਹੈ। ਦੇਵਦੱਤ ਪਡਿੱਕਲ ਦੀ ਟੈਸਟ ਟੀਮ ਵਿੱਚ ਵਾਪਸੀ ਹੋਈ ਹੈ, ਜਿਨ੍ਹਾਂ ਨੇ ਆਪਣਾ ਆਖਰੀ ਟੈਸਟ 2024 ਵਿੱਚ ਆਸਟ੍ਰੇਲੀਆ ਖ਼ਿਲਾਫ਼ ਖੇਡਿਆ ਸੀ।
ਦੂਜੇ ਪਾਸੇ, ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਦੀ ਕਰੀਬ ਤਿੰਨ ਸਾਲ ਬਾਅਦ ਭਾਰਤੀ ਵਨਡੇ ਟੀਮ ਵਿੱਚ ਵਾਪਸੀ ਹੋਈ ਹੈ। ਈਸ਼ਾਨ ਨੇ ਆਪਣਾ ਆਖਰੀ ਵਨਡੇ ਮੈਚ 11 ਅਕਤੂਬਰ 2023 ਨੂੰ ਅਫਗਾਨਿਸਤਾਨ ਵਿਰੁੱਧ ਖੇਡਿਆ ਸੀ। ਹੁਣ ਤੱਕ ਉਹ ਭਾਰਤ ਲਈ 27 ਵਨਡੇ ਮੈਚਾਂ ਵਿੱਚ 933 ਦੌੜਾਂ ਬਣਾ ਚੁੱਕੇ ਹਨ, ਜਿਸ ਵਿੱਚ ਇੱਕ ਦੋਹਰਾ ਸੈਂਕੜਾ ਅਤੇ 7 ਅਰਧ ਸੈਂਕੜੇ ਸ਼ਾਮਲ ਹਨ।
ਟੈਸਟ ਟੀਮ ਦੀ ਕਮਾਨ ਸ਼ੁਭਮਨ ਗਿੱਲ ਦੇ ਹੱਥਾਂ ਵਿੱਚ ਰਹੇਗੀ, ਜਦਕਿ ਕੇਐਲ ਰਾਹੁਲ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਵਨਡੇ ਟੀਮ ਵਿੱਚ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਹਾਰਦਿਕ ਪੰਡਯਾ ਵਰਗੇ ਸੀਨੀਅਰ ਖਿਡਾਰੀ ਵੀ ਸ਼ਾਮਲ ਹਨ।
Get all latest content delivered to your email a few times a month.