ਤਾਜਾ ਖਬਰਾਂ
ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 36 ਡਿਗਰੀ ਤੋਂ ਉੱਪਰ ਚਲਾ ਗਿਆ ਹੈ, ਜਦਕਿ ਪਟਿਆਲਾ, ਬਠਿੰਡਾ ਅਤੇ ਫਰੀਦਕੋਟ ਵਿੱਚ ਪਾਰਾ 40 ਡਿਗਰੀ ਤੋਂ ਵੀ ਵੱਧ ਰਿਹਾ। ਚੰਡੀਗੜ੍ਹ ਵਿੱਚ 39 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ 38.2, ਲੁਧਿਆਣਾ 39.8, ਪਟਿਆਲਾ 40.8, ਪਠਾਨਕੋਟ 37.6, ਬਠਿੰਡਾ 40.6, ਗੁਰਦਾਸਪੁਰ 38, ਫਾਜ਼ਿਲਕਾ 39 ਅਤੇ ਰੂਪਨਗਰ 38.7 ਡਿਗਰੀ ਸੈਲਸੀਅਸ ਤਾਪਮਾਨ ਨਾਲ ਗਰਮੀ ਦੀ ਚਪੇਟ ਵਿੱਚ ਰਹੇ।
ਮੌਸਮ ਮਾਹਿਰਾਂ ਦੇ ਅਨੁਸਾਰ ਦੱਖਣ-ਪੱਛਮੀ ਮਾਨਸੂਨ 26 ਮਈ ਦੇ ਆਸ-ਪਾਸ ਕੇਰਲ ਵਿੱਚ ਦਸਤਕ ਦੇ ਸਕਦਾ ਹੈ, ਹਾਲਾਂਕਿ ਇਸ ਵਿੱਚ ਕੁਝ ਦਿਨਾਂ ਦੀ ਦੇਰੀ ਵੀ ਹੋ ਸਕਦੀ ਹੈ। ਆਮ ਤੌਰ ‘ਤੇ ਮਾਨਸੂਨ ਜੂਨ ਦੇ ਆਖਰੀ ਹਫ਼ਤੇ ਵਿੱਚ ਦਿੱਲੀ ਰਾਹੀਂ ਪੰਜਾਬ ਅਤੇ ਹਰਿਆਣਾ ਵੱਲ ਵਧਦਾ ਹੈ। ਇਸ ਵੇਲੇ ਪੱਛਮੀ ਗੜਬੜਾਂ ਦਾ ਅਸਰ ਜੰਮੂ-ਕਸ਼ਮੀਰ ਅਤੇ ਉੱਤਰੀ ਪਾਕਿਸਤਾਨ ਦੇ ਇਲਾਕਿਆਂ ਵਿੱਚ ਬਣਿਆ ਹੋਇਆ ਹੈ, ਪਰ ਪੰਜਾਬ ਵਿੱਚ ਅਗਲੇ 15 ਦਿਨ ਤੱਕ ਮੌਸਮ ਗਰਮ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।
ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਕਿਹਾ ਕਿ ਅਗਲੇ ਚਾਰ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਹੋਰ 4 ਤੋਂ 5 ਡਿਗਰੀ ਤੱਕ ਵਾਧਾ ਹੋ ਸਕਦਾ ਹੈ। 18 ਮਈ ਤੋਂ ਸੂਬੇ ਦੇ ਕਈ ਹਿੱਸਿਆਂ ਵਿੱਚ ਹੀਟਵੇਵ ਦੀ ਸਥਿਤੀ ਬਣ ਸਕਦੀ ਹੈ, ਜਿਸ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
Get all latest content delivered to your email a few times a month.