IMG-LOGO
ਹੋਮ ਪੰਜਾਬ: AAP ‘ਚ ਸ਼ਾਮਲ ਹੋਏ ਸੁਰਜੀਤ ਸਿੰਘ ਰੱਖੜਾ, ਸਮਾਣਾ ਤੋਂ ਲੜਣਗੇ...

AAP ‘ਚ ਸ਼ਾਮਲ ਹੋਏ ਸੁਰਜੀਤ ਸਿੰਘ ਰੱਖੜਾ, ਸਮਾਣਾ ਤੋਂ ਲੜਣਗੇ ਚੋਣ; CM ਮਾਨ ਨੇ ਕੀਤਾ ਭਰਵਾਂ ਸਵਾਗਤ

Admin User - May 16, 2026 06:15 PM
IMG

ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਸਿਆਸੀ ਉਲਟਫੇਰ ਦੇਖਣ ਨੂੰ ਮਿਲਿਆ ਹੈ। ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਦਾ ਦਾਮਨ ਫੜ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿੱਚ ਉਨ੍ਹਾਂ ਦਾ ਪਾਰਟੀ ਵਿੱਚ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ AAP ਵਿੱਚ ਸ਼ਾਮਲ ਕਰਵਾਇਆ। ਸਿਆਸੀ ਗਲਿਆਰਿਆਂ ਵਿੱਚ ਇਹ ਵੀ ਚਰਚਾ ਹੈ ਕਿ ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਖਿਲਾਫ ਲਿਆਂਦੇ ਗਏ ਸਖ਼ਤ ਕਾਨੂੰਨਾਂ ਤੋਂ ਪ੍ਰਭਾਵਿਤ ਹੋ ਕੇ ਰੱਖੜਾ ਨੇ ਇਹ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਉਹ ਆਉਣ ਵਾਲੀਆਂ ਚੋਣਾਂ ਵਿੱਚ ਸਮਾਣਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰ ਸਕਦੇ ਹਨ।

ਪਿਛਲੇ ਕਈ ਦਿਨਾਂ ਤੋਂ ਸੁਰਜੀਤ ਸਿੰਘ ਰੱਖੜਾ ਦੇ AAP ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲੱਗ ਰਹੀਆਂ ਸਨ, ਜਿਨ੍ਹਾਂ ‘ਤੇ ਹੁਣ ਪੂਰੀ ਤਰ੍ਹਾਂ ਮੋਹਰ ਲੱਗ ਗਈ ਹੈ। ਰੱਖੜਾ ਪੰਜਾਬ ਦੀ ਸਿਆਸਤ ਦਾ ਇੱਕ ਜਾਣਿਆ-ਮਾਣਿਆ ਅਤੇ ਪ੍ਰਭਾਵਸ਼ਾਲੀ ਚਿਹਰਾ ਮੰਨੇ ਜਾਂਦੇ ਹਨ। ਰਾਜਨੀਤਿਕ ਪਿਛੋਕੜ ਦੇ ਨਾਲ-ਨਾਲ ਰੱਖੜਾ ਪਰਿਵਾਰ ਦਾ ਵਿਦੇਸ਼ਾਂ, ਖਾਸ ਕਰਕੇ ਅਮਰੀਕਾ ਵਿੱਚ ਵੀ ਵੱਡਾ ਕਾਰੋਬਾਰ ਹੈ, ਜਿਸ ਕਾਰਨ ਪ੍ਰਵਾਸੀ ਪੰਜਾਬੀਆਂ ਵਿੱਚ ਵੀ ਉਨ੍ਹਾਂ ਦੀ ਚੰਗੀ ਪਕੜ ਮੰਨੀ ਜਾਂਦੀ ਹੈ।

ਸੁਰਜੀਤ ਸਿੰਘ ਰੱਖੜਾ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਰਹੇ ਹਨ। ਸ਼ੁਰੂਆਤੀ ਦੌਰ ਵਿੱਚ ਉਹ ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਕਰੀਬੀ ਮੰਨੇ ਜਾਂਦੇ ਸਨ। 1999 ਵਿੱਚ ਅਕਾਲੀ ਦਲ ਦੀ ਅੰਦਰੂਨੀ ਗੁੱਟਬੰਦੀ ਦੌਰਾਨ ਬਾਦਲ ਧੜੇ ਨੇ ਉਨ੍ਹਾਂ ਨੂੰ ਆਪਣੇ ਨਾਲ ਜੋੜ ਕੇ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਉਸ ਚੋਣ ਵਿੱਚ ਕਾਂਗਰਸ ਦੀ ਪਰਨੀਤ ਕੌਰ ਜੇਤੂ ਰਹੀ ਸੀ। ਬਾਅਦ ਵਿੱਚ 2002 ਵਿੱਚ ਰੱਖੜਾ ਸਮਾਣਾ ਤੋਂ ਵਿਧਾਇਕ ਬਣੇ ਅਤੇ 2012 ਵਿੱਚ ਦੁਬਾਰਾ ਜਿੱਤ ਹਾਸਲ ਕਰਕੇ ਬਾਦਲ ਸਰਕਾਰ ਵਿੱਚ ਪੰਚਾਇਤ ਮੰਤਰੀ ਦੀ ਜ਼ਿੰਮੇਵਾਰੀ ਵੀ ਸੰਭਾਲੀ। ਹਾਲਾਂਕਿ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.