ਤਾਜਾ ਖਬਰਾਂ
ਪੱਛਮੀ ਗੜਬੜੀ (Western Disturbance) ਦੇ ਕਮਜ਼ੋਰ ਪੈਣ ਮਗਰੋਂ ਪੰਜਾਬ ਵਾਸਿਆਂ ਨੂੰ ਮਿਲੀ ਰਾਹਤ ਹੁਣ ਖ਼ਤਮ ਹੋਣ ਜਾ ਰਹੀ ਹੈ। ਮੌਸਮ ਵਿਭਾਗ, ਚੰਡੀਗੜ੍ਹ ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀ ਅਨੁਸਾਰ ਅੱਜ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਮੌਸਮ ਆਮ ਵਾਂਗ ਖੁਸ਼ਕ ਰਹੇਗਾ, ਜਦਕਿ 17 ਮਈ (ਐਤਵਾਰ) ਤੋਂ ਸੂਬੇ ਵਿੱਚ ਗਰਮੀ ਦਾ ਕਹਿਰ ਮੁੜ ਤੇਜ਼ ਹੋ ਜਾਵੇਗਾ। ਵਿਭਾਗ ਨੇ ਖ਼ਾਸ ਕਰਕੇ ਦੱਖਣ-ਪੱਛਮੀ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਗਰਮੀ ਦੀ ਲਹਿਰ (Heat Wave) ਦੀ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ।
ਬੀਤੇ ਦਿਨੀਂ ਹੋਈ ਹਲਕੀ ਹਲਚਲ ਕਾਰਨ ਸ਼ੁੱਕਰਵਾਰ ਨੂੰ ਸੂਬੇ ਦੇ ਔਸਤ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਦੀ ਗਿਰਾਵਟ ਜ਼ਰੂਰ ਦਰਜ ਕੀਤੀ ਗਈ ਸੀ, ਪਰ ਇਸ ਦੇ ਬਾਵਜੂਦ ਕਈ ਹਿੱਸਿਆਂ ਵਿੱਚ ਪਾਰਾ 40 ਡਿਗਰੀ ਦੇ ਆਸ-ਪਾਸ ਜਾਂ ਇਸ ਤੋਂ ਪਾਰ ਹੀ ਬਣਿਆ ਰਿਹਾ। ਲੰਘੇ ਕੱਲ੍ਹ ਬਠਿੰਡਾ ਜ਼ਿਲ੍ਹਾ ਪੰਜਾਬ ਭਰ ਵਿੱਚੋਂ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਮੌਸਮ ਕੇਂਦਰ ਮੁਤਾਬਕ ਬਠਿੰਡਾ ਨੂੰ ਛੱਡ ਕੇ ਬਾਕੀ ਸ਼ਹਿਰਾਂ ਵਿੱਚ ਪਾਰਾ 40 ਡਿਗਰੀ ਦੇ ਨੇੜੇ-ਤੇੜੇ ਘੁੰਮਦਾ ਨਜ਼ਰ ਆਇਆ:
ਫਾਜ਼ਿਲਕਾ: 39.9 ਡਿਗਰੀ ਸੈਲਸੀਅਸ
ਮਾਨਸਾ: 39.2 ਡਿਗਰੀ ਸੈਲਸੀਅਸ
ਪਟਿਆਲਾ: 38.8 ਡਿਗਰੀ ਸੈਲਸੀਅਸ
ਲੁਧਿਆਣਾ: 36.8 ਡਿਗਰੀ ਸੈਲਸੀਅਸ
ਜਲੰਧਰ: 36.0 ਡਿਗਰੀ ਸੈਲਸੀਅਸ
ਅੰਮ੍ਰਿਤਸਰ: 34.6 ਡਿਗਰੀ ਸੈਲਸੀਅਸ
ਆਉਣ ਵਾਲੇ ਦਿਨਾਂ 'ਚ ਹੋਰ ਵਧੇਗਾ ਤਾਪਮਾਨ
ਮੌਸਮ ਮਾਹਿਰਾਂ ਅਨੁਸਾਰ ਅੱਜ ਤੋਂ ਹੀ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ। ਐਤਵਾਰ ਤੋਂ ਚੱਲਣ ਵਾਲੀਆਂ ਤਿੱਖੀਆਂ ਧੁੱਪਾਂ ਅਤੇ ਲੂ (Heat Wave) ਕਾਰਨ ਪਾਰਾ ਹੋਰ ਉੱਪਰ ਚੜ੍ਹਨ ਦੇ ਆਸਾਰ ਹਨ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਵੀ ਲੋਕਾਂ ਨੂੰ ਦੁਪਹਿਰ ਵੇਲੇ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਹੈ ਤਾਂ ਜੋ ਗਰਮੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ।
Get all latest content delivered to your email a few times a month.