ਤਾਜਾ ਖਬਰਾਂ
ਪੰਜਾਬ ਪੁਲਿਸ ਨੂੰ ਸਾਈਬਰ ਕ੍ਰਾਈਮ ਵਿਰੁੱਧ ਚਲਾਈ ਮੁਹਿੰਮ ਦੌਰਾਨ ਵੱਡੀ ਕਾਮਯਾਬੀ ਮਿਲੀ ਹੈ। ਲੁਧਿਆਣਾ ਵਿੱਚ ਚੱਲ ਰਹੇ ਇੱਕ ਵੱਡੇ ਆਨਲਾਈਨ ਧੋਖਾਧੜੀ ਰੈਕਟ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ 132 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਰਵਾਈ ਦੌਰਾਨ ਪੁਲਿਸ ਨੇ ਇੱਕ ਕਰੋੜ 7 ਲੱਖ ਰੁਪਏ ਦੀ ਨਕਦੀ, 98 ਲੈਪਟਾਪ, 239 ਮੋਬਾਈਲ ਫੋਨ, 19 ਵਾਹਨ ਅਤੇ 300 ਤੋਂ ਵੱਧ ਬੈਂਕ ਖਾਤੇ ਬਰਾਮਦ ਕਰਕੇ ਸੀਜ਼ ਕਰ ਦਿੱਤੇ ਹਨ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਗਿਰੋਹ ਲੁਧਿਆਣਾ ਵਿੱਚ ਕਾਲ ਸੈਂਟਰ ਚਲਾ ਕੇ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਮੁਲਜ਼ਮ ਆਪਣੇ ਆਪ ਨੂੰ ਮਲਟੀਨੈਸ਼ਨਲ ਕੰਪਨੀਆਂ ਦੇ ਟੈਕਨੀਕਲ ਸਹਾਇਤਾ ਕਰਮਚਾਰੀ ਦੱਸ ਕੇ ਲੋਕਾਂ ਨਾਲ ਠੱਗੀ ਕਰਦੇ ਸਨ। ਪੁਲਿਸ ਨੂੰ ਗੁਪਤ ਸੂਚਨਾ ਮਿਲਣ ਤੋਂ ਬਾਅਦ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਵੱਡੇ ਪੱਧਰ ‘ਤੇ ਡਿਜੀਟਲ ਸਾਮਾਨ ਅਤੇ ਨਕਦੀ ਬਰਾਮਦ ਹੋਈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਰੈਕਟ ਦੇ ਮਾਸਟਰਮਾਈਂਡ ਦਿੱਲੀ ਅਤੇ ਗੁਜਰਾਤ ਨਾਲ ਸਬੰਧਿਤ ਹਨ, ਜਦਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਵੱਖ-ਵੱਖ ਰਾਜਾਂ ਤੋਂ ਹਨ।
ਜਾਂਚ ਅਨੁਸਾਰ, ਠੱਗ ਮਾਈਕ੍ਰੋਸਾਫਟ ਦੇ ਨਾਮ ‘ਤੇ ਜਾਅਲੀ ਵਾਇਰਸ ਅਤੇ ਸੁਰੱਖਿਆ ਚੇਤਾਵਨੀ ਸੰਦੇਸ਼ ਭੇਜਦੇ ਸਨ। ਪੀੜਤਾਂ ਦੀ ਸਕ੍ਰੀਨ ‘ਤੇ ਫਰਜ਼ੀ ਕਸਟਮਰ ਕੇਅਰ ਨੰਬਰ ਦਿਖਾਇਆ ਜਾਂਦਾ ਸੀ ਅਤੇ ਜਿਵੇਂ ਹੀ ਕੋਈ ਉਸ ਨੰਬਰ ‘ਤੇ ਕਾਲ ਕਰਦਾ, ਕਾਲ ਸਿੱਧੀ ਠੱਗਾਂ ਤੱਕ ਪਹੁੰਚ ਜਾਂਦੀ ਸੀ। ਇਸ ਤੋਂ ਬਾਅਦ ਉਹ ਪੀੜਤਾਂ ਨੂੰ ਅਲਟਰਾਵਿਊਅਰ ਵਰਗੇ ਰਿਮੋਟ ਐਕਸੈਸ ਸਾਫਟਵੇਅਰ ਡਾਊਨਲੋਡ ਕਰਵਾ ਕੇ ਉਨ੍ਹਾਂ ਦੇ ਕੰਪਿਊਟਰ ਦਾ ਪੂਰਾ ਕੰਟਰੋਲ ਹਾਸਲ ਕਰ ਲੈਂਦੇ ਸਨ।
ਮੁਲਜ਼ਮ ਫਰਜ਼ੀ ਸਕੈਨ ਅਤੇ ਪੌਪ-ਅੱਪ ਰਾਹੀਂ ਲੋਕਾਂ ਨੂੰ ਡਰਾਉਂਦੇ ਸਨ ਕਿ ਉਨ੍ਹਾਂ ਦੇ ਬੈਂਕ ਖਾਤੇ, ਈਮੇਲ ਜਾਂ ਨਿੱਜੀ ਡਾਟਾ ਹੈਕ ਹੋ ਗਿਆ ਹੈ। ਕਈ ਵਾਰ ਉਨ੍ਹਾਂ ‘ਤੇ ਬਾਲ ਪੋਰਨੋਗ੍ਰਾਫੀ ਵਰਗੇ ਗੰਭੀਰ ਝੂਠੇ ਦੋਸ਼ ਲਗਾ ਕੇ ਪੈਸੇ ਠੱਗੇ ਜਾਂਦੇ ਸਨ। ਇਹ ਗਿਰੋਹ ਐਮਾਜ਼ਾਨ ਅਤੇ ਐਪਲ ਗਿਫਟ ਕਾਰਡਾਂ, ਜਾਅਲੀ ਵਿਦੇਸ਼ੀ ਖਾਤਿਆਂ, ਹਵਾਲਾ ਅਤੇ ਕ੍ਰਿਪਟੋਕਰੰਸੀ ਰਾਹੀਂ ਪੈਸੇ ਇਕੱਠੇ ਕਰਦਾ ਸੀ। ਪੁਲਿਸ ਮੁਤਾਬਕ ਇਹ ਰਕਮ ਗੈਰ-ਕਾਨੂੰਨੀ ਚੈਨਲਾਂ ਰਾਹੀਂ ਭਾਰਤ ਲਿਆਂਦੀ ਜਾਂਦੀ ਸੀ।
ਪ੍ਰਾਰੰਭਿਕ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਹਰ ਆਪਰੇਟਰ ਰੋਜ਼ਾਨਾ 8 ਤੋਂ 10 ਕਾਲਾਂ ਕਰਦਾ ਸੀ ਅਤੇ ਕਰਮਚਾਰੀਆਂ ਨੂੰ ਤਨਖਾਹ ਦੇ ਨਾਲ ਇਨਸੈਂਟਿਵ ਵੀ ਦਿੱਤਾ ਜਾਂਦਾ ਸੀ। ਪੁਲਿਸ ਹੁਣ ਡਿਜੀਟਲ ਸਬੂਤਾਂ, ਕ੍ਰਿਪਟੋ ਲੈਣ-ਦੇਣ, ਹਵਾਲਾ ਨੈੱਟਵਰਕ ਅਤੇ ਇਸ ਧੰਦੇ ਨਾਲ ਜੁੜੇ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
Get all latest content delivered to your email a few times a month.