ਤਾਜਾ ਖਬਰਾਂ
ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਧਾਰਮਿਕ ਆਜ਼ਾਦੀ ਅਤੇ ਸਰਕਾਰੀ ਨਿਯਮਾਂ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇੱਕ ਸਿੱਖ ਨੌਜਵਾਨ, ਜਸਪਾਲ ਸਿੰਘ ਗਿੱਲ ਨੇ ਵਿਨੀਪੈਗ ਪੁਲਿਸ ਸੇਵਾ 'ਤੇ ਭਰਤੀ ਪ੍ਰੀਖਿਆ ਦੌਰਾਨ ਧਾਰਮਿਕ ਵਿਤਕਰੇ ਦੇ ਗੰਭੀਰ ਇਲਜ਼ਾਮ ਲਗਾਏ ਹਨ। ਨੌਜਵਾਨ ਦਾ ਦਾਅਵਾ ਹੈ ਕਿ ਉਸ ਨੂੰ ਸਿਰਫ਼ ਇਸ ਲਈ ਪ੍ਰੀਖਿਆ ਹਾਲ ਵਿੱਚ ਬੈਠਣ ਨਹੀਂ ਦਿੱਤਾ ਗਿਆ ਕਿਉਂਕਿ ਉਸ ਨੇ ਆਪਣਾ 'ਕਕਾਰ' (ਕਿਰਪਾਨ) ਉਤਾਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ ਸੀ।
ਜਸਪਾਲ ਸਿੰਘ ਅਨੁਸਾਰ, ਉਹ ਅਪ੍ਰੈਲ ਦੇ ਆਖ਼ਰੀ ਹਫ਼ਤੇ ਪੁਲਿਸ ਭਰਤੀ ਦੀ ਲਿਖਤੀ ਪ੍ਰੀਖਿਆ ਦੇਣ ਪਹੁੰਚਿਆ ਸੀ। ਪ੍ਰੀਖਿਆ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਅਧਿਕਾਰੀਆਂ ਨੇ ਉਸ ਨੂੰ ਕਿਰਪਾਨ ਉਤਾਰ ਕੇ ਹਾਲ ਤੋਂ ਬਾਹਰ ਰੱਖਣ ਲਈ ਕਿਹਾ। ਜਸਪਾਲ ਨੇ ਦਲੀਲ ਦਿੱਤੀ ਕਿ ਕਿਰਪਾਨ ਉਸ ਦੀ ਆਸਥਾ ਦਾ ਅਟੁੱਟ ਹਿੱਸਾ ਹੈ ਅਤੇ ਉਹ ਇਸ ਨੂੰ ਆਪਣੇ ਸਰੀਰ ਤੋਂ ਵੱਖ ਨਹੀਂ ਕਰ ਸਕਦਾ। ਨਤੀਜੇ ਵਜੋਂ, ਪੁਲਿਸ ਅਧਿਕਾਰੀਆਂ ਨੇ ਉਸ ਨੂੰ ਪ੍ਰੀਖਿਆ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ।
ਇਸ ਘਟਨਾ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਜਸਪਾਲ ਨੇ ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ 2006 ਵਿੱਚ ਸੁਣਾਏ ਗਏ ਫੈਸਲੇ ਦੀ ਯਾਦ ਦਿਵਾਈ। ਉਸ ਨੇ ਕਿਹਾ ਕਿ ਅਦਾਲਤ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਸਿੱਖਾਂ ਨੂੰ ਕਿਰਪਾਨ ਪਹਿਨਣ ਤੋਂ ਰੋਕਣਾ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਦਾ ਘਾਣ ਹੈ। ਉਸ ਨੇ ਹੈਰਾਨੀ ਜਤਾਈ ਕਿ ਜੇਕਰ ਕੈਨੇਡਾ ਦੀਆਂ ਸੰਸਦਾਂ ਅਤੇ ਹਵਾਈ ਜਹਾਜ਼ਾਂ ਵਿੱਚ ਕਿਰਪਾਨ ਦੀ ਇਜਾਜ਼ਤ ਹੈ, ਤਾਂ ਪੁਲਿਸ ਭਰਤੀ ਵਿੱਚ ਅਜਿਹੀ ਪਾਬੰਦੀ ਕਿਉਂ ਲਗਾਈ ਜਾ ਰਹੀ ਹੈ।
ਪਿਛਲੇ ਸਾਲ ਨਿਊਜ਼ੀਲੈਂਡ ਤੋਂ ਕੈਨੇਡਾ ਪਹੁੰਚੇ ਜਸਪਾਲ ਗਿੱਲ ਨੇ ਹੁਣ ਇਸ ਲੜਾਈ ਨੂੰ ਕਾਨੂੰਨੀ ਪੱਧਰ 'ਤੇ ਲੜਨ ਦਾ ਫੈਸਲਾ ਕੀਤਾ ਹੈ। ਉਸ ਨੇ 'ਸੂਚਨਾ ਦੀ ਆਜ਼ਾਦੀ' ਕਾਨੂੰਨ ਤਹਿਤ ਪੁਲਿਸ ਵਿਭਾਗ ਤੋਂ ਜਵਾਬ ਮੰਗਿਆ ਹੈ ਅਤੇ ਜਲਦ ਹੀ ਮੈਨੀਟੋਬਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਹੈ।
ਦੂਜੇ ਪਾਸੇ, ਵਿਨੀਪੈਗ ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਸਿੱਖ ਉਮੀਦਵਾਰਾਂ ਲਈ ਕਿਰਪਾਨਾਂ ਨੂੰ ਸੁਰੱਖਿਅਤ ਥਾਂ 'ਤੇ ਜਮ੍ਹਾ ਕਰਵਾਉਣ ਦੀ ਸਹੂਲਤ ਦਿੰਦੇ ਹਨ। ਹਾਲਾਂਕਿ, ਜਸਪਾਲ ਸਿੰਘ ਦਾ ਕਹਿਣਾ ਹੈ ਕਿ ਅਜਿਹੀ ਕਿਸੇ ਵੀ ਸ਼ਰਤ ਨੂੰ ਮੰਨਣਾ ਸਿੱਖੀ ਸਿਧਾਂਤਾਂ ਦੇ ਖਿਲਾਫ਼ ਹੈ।
Get all latest content delivered to your email a few times a month.