ਤਾਜਾ ਖਬਰਾਂ
ਸਮਾਜਵਾਦੀ ਪਾਰਟੀ ਦੇ ਸੰਸਥਾਪਕ ਸਵਰਗੀ ਮੁਲਾਇਮ ਸਿੰਘ ਯਾਦਵ ਦੇ ਛੋਟੇ ਸਪੁੱਤਰ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਭਰਾ ਪ੍ਰਤੀਕ ਯਾਦਵ ਦਾ ਬੁੱਧਵਾਰ ਸਵੇਰੇ ਅਚਾਨਕ ਦੇਹਾਂਤ ਹੋ ਗਿਆ। 38 ਸਾਲਾ ਪ੍ਰਤੀਕ ਯਾਦਵ ਭਾਜਪਾ ਆਗੂ ਅਤੇ ਉੱਤਰ ਪ੍ਰਦੇਸ਼ ਮਹਿਲਾ ਕਮਿਸ਼ਨ ਦੀ ਉਪ-ਚੇਅਰਪਰਸਨ ਅਪਰਨਾ ਯਾਦਵ ਦੇ ਪਤੀ ਸਨ। ਇਸ ਮੰਦਭਾਗੀ ਖ਼ਬਰ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਸਿਆਸੀ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪਰਿਵਾਰਕ ਸੂਤਰਾਂ ਅਨੁਸਾਰ ਪ੍ਰਤੀਕ ਯਾਦਵ ਸਵੇਰੇ ਤੜਕੇ ਘਰ ਦੀ ਰਸੋਈ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਸਨ। ਪਰਿਵਾਰ ਵੱਲੋਂ ਸਵੇਰੇ ਕਰੀਬ 4:55 ਵਜੇ ਹਸਪਤਾਲ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਜਦੋਂ ਉਨ੍ਹਾਂ ਨੂੰ ਸਵੇਰੇ 5:55 ਵਜੇ ਹਸਪਤਾਲ ਪਹੁੰਚਾਇਆ ਗਿਆ, ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਘਟਨਾ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਲਖਨਊ ਪੁਲਿਸ ਨੇ ਪ੍ਰਤੀਕ ਯਾਦਵ ਦਾ ਮੋਬਾਈਲ ਫ਼ੋਨ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਟੀਮਾਂ ਅਪਰਨਾ ਯਾਦਵ ਦੇ ਨਿਵਾਸ 'ਤੇ ਪਹੁੰਚ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪ੍ਰਤੀਕ ਪਿਛਲੇ ਇੱਕ ਹਫ਼ਤੇ ਤੋਂ ਬਿਮਾਰ ਸਨ ਅਤੇ ਲਖਨਊ ਦੇ ਮੇਦਾਂਤਾ ਹਸਪਤਾਲ ਵਿੱਚ ਜ਼ੇਰੇ ਇਲਾਜ ਰਹਿਣ ਤੋਂ ਬਾਅਦ ਹਾਲ ਹੀ ਵਿੱਚ ਘਰ ਪਰਤੇ ਸਨ। ਉਨ੍ਹਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੌਰਾਨ ਅਖਿਲੇਸ਼ ਯਾਦਵ ਅਤੇ ਡਿੰਪਲ ਯਾਦਵ ਵੀ ਉਨ੍ਹਾਂ ਦਾ ਹਾਲ-ਚਾਲ ਜਾਣਨ ਪਹੁੰਚੇ ਸਨ।
ਮੁਲਾਇਮ ਸਿੰਘ ਯਾਦਵ ਦੀ ਦੂਜੀ ਪਤਨੀ ਸਾਧਨਾ ਗੁਪਤਾ ਦੇ ਪੁੱਤਰ ਪ੍ਰਤੀਕ ਯਾਦਵ ਨੇ ਹਮੇਸ਼ਾ ਰਾਜਨੀਤੀ ਤੋਂ ਦੂਰੀ ਬਣਾ ਕੇ ਰੱਖੀ ਅਤੇ ਆਪਣੇ ਆਪ ਨੂੰ ਰੀਅਲ ਅਸਟੇਟ ਕਾਰੋਬਾਰ ਅਤੇ ਫਿਟਨੈੱਸ ਤੱਕ ਸੀਮਿਤ ਰੱਖਿਆ। ਉਹ ਸੋਸ਼ਲ ਮੀਡੀਆ 'ਤੇ ਅਕਸਰ ਆਪਣੀ ਫਿਟਨੈੱਸ ਨਾਲ ਸਬੰਧਤ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਸਨ। ਉਨ੍ਹਾਂ ਦਾ ਵਿਆਹ ਸਾਲ 2012 ਵਿੱਚ ਅਪਰਨਾ ਯਾਦਵ ਨਾਲ ਹੋਇਆ ਸੀ, ਜੋ ਕਿ ਉਸ ਸਮੇਂ ਦੀਆਂ ਸਭ ਤੋਂ ਵੱਡੀਆਂ ਸਿਆਸੀ ਸ਼ਾਦੀਆਂ ਵਿੱਚੋਂ ਇੱਕ ਸੀ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਤੀਕ ਯਾਦਵ ਦੇ ਅਚਾਨਕ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪ੍ਰਤੀਕ ਯਾਦਵ ਜੀ ਦਾ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਬਹੁਤ ਹੀ ਦੁਖਦਾਈ ਹੈ।
Get all latest content delivered to your email a few times a month.