ਤਾਜਾ ਖਬਰਾਂ
ਬਾਡੀ ਬਿਲਡਿੰਗ ਦੀ ਦੁਨੀਆ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਅੰਤਰਰਾਸ਼ਟਰੀ ਖਿਡਾਰੀ ਰੌਨ ਸਿੰਘ ਦੀ ਬੇਵਕਤੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਜਾਣਕਾਰੀ ਅਨੁਸਾਰ, ਬੀਤੀ ਦੁਪਹਿਰ ਰੌਨ ਸਿੰਘ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਪਰ ਅਫ਼ਸੋਸ ਕਿ ਡਾਕਟਰਾਂ ਨੇ ਹਸਪਤਾਲ ਪਹੁੰਚਣ 'ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਰੌਨ ਸਿੰਘ ਨੇ ਬਹੁਤ ਹੀ ਛੋਟੀ ਉਮਰ ਵਿੱਚ ਬਾਡੀ ਬਿਲਡਿੰਗ ਨੂੰ ਆਪਣਾ ਜਨੂੰਨ ਬਣਾ ਲਿਆ ਸੀ। ਆਪਣੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਸਦਕਾ ਉਨ੍ਹਾਂ ਨੇ ਨਾ ਸਿਰਫ਼ ਰਾਸ਼ਟਰੀ, ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਉਨ੍ਹਾਂ ਨੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿੱਚ ਹੋਏ ਵੱਕਾਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਕਈ ਅੰਤਰਰਾਸ਼ਟਰੀ ਖਿਤਾਬ ਜਿੱਤ ਕੇ ਪੰਜਾਬ ਤੇ ਭਾਰਤ ਦਾ ਮਾਣ ਵਧਾਇਆ।
ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਰੌਨ ਸਾਲਾਂ ਤੋਂ ਦਿਨ-ਰਾਤ ਮਿਹਨਤ ਕਰ ਰਿਹਾ ਸੀ। ਉਸ ਦੇ ਕਮਰੇ ਵਿੱਚ ਸਜੇ ਅਨੇਕਾਂ ਤਗਮੇ ਅਤੇ ਟਰਾਫੀਆਂ ਉਸ ਦੇ ਸੰਘਰਸ਼ ਦੀ ਗਵਾਹੀ ਭਰਦੇ ਹਨ। ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਰੌਨ ਸਿੰਘ ਦੀ ਮੌਤ ਨਾਲ ਬਾਡੀ ਬਿਲਡਿੰਗ ਖੇਤਰ ਨੂੰ ਅਜਿਹਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ।
ਰੌਨ ਸਿੰਘ ਦੀ ਅਚਾਨਕ ਮੌਤ ਦੀ ਖ਼ਬਰ ਸੁਣਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਪਹੁੰਚਣੇ ਸ਼ੁਰੂ ਹੋ ਗਏ। ਵੱਖ-ਵੱਖ ਖੇਡ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਰੌਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਸ ਨੂੰ ਜਵਾਨੀ ਅਤੇ ਖੇਡ ਜਗਤ ਲਈ ਵੱਡਾ ਨੁਕਸਾਨ ਦੱਸਿਆ ਹੈ।
Get all latest content delivered to your email a few times a month.