ਤਾਜਾ ਖਬਰਾਂ
ਉੱਤਰ ਪ੍ਰਦੇਸ਼ ਦੇ ਚੰਦੌਲੀ ਅਤੇ ਵਾਰਾਣਸੀ ਵਿੱਚ ਮੌਤ ਦਾ ਨਾਂਡਵ ਨੱਚਣ ਵਾਲੇ ਅੰਮ੍ਰਿਤਸਰ ਦੇ ਸਾਬਕਾ ਫੌਜੀ ਗੁਰਪ੍ਰੀਤ ਸਿੰਘ ਦਾ ਸੋਮਵਾਰ ਦੇਰ ਰਾਤ ਪੁਲਿਸ ਮੁਕਾਬਲੇ ਵਿੱਚ ਅੰਤ ਹੋ ਗਿਆ। ਮਹਿਜ਼ 26 ਘੰਟਿਆਂ ਅੰਦਰ ਤਿੰਨ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਇਸ ਕਾਤਲ ਨੇ ਪੁਲਿਸ ਦੀ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਉਹ ਮਾਰਿਆ ਗਿਆ।
ਚੰਦੌਲੀ ਦੇ ਐਸਪੀ ਆਕਾਸ਼ ਪਟੇਲ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਟੀਮ ਮੁਲਜ਼ਮ ਨੂੰ 'ਕ੍ਰਾਈਮ ਸੀਨ ਰੀ-ਕ੍ਰਿਏਟ' ਕਰਨ ਲਈ ਘਟਨਾ ਸਥਾਨ 'ਤੇ ਲੈ ਕੇ ਗਈ ਸੀ। ਇਸ ਦੌਰਾਨ ਗੁਰਪ੍ਰੀਤ ਨੇ ਚਲਾਕੀ ਨਾਲ ਇੱਕ ਅਧਿਕਾਰੀ ਦੀ ਸਰਵਿਸ ਪਿਸਤੌਲ ਖੋਹ ਲਈ ਅਤੇ ਅੰਨ੍ਹੇਵਾਹ ਫਾਇਰਿੰਗ ਕਰਦਿਆਂ ਹਨੇਰੇ ਦਾ ਫਾਇਦਾ ਉਠਾ ਕੇ ਜੰਗਲ ਵੱਲ ਭੱਜ ਨਿਕਲਿਆ। ਪੁਲਿਸ ਵੱਲੋਂ ਆਤਮ-ਸਮਰਪਣ ਦੀ ਚੇਤਾਵਨੀ ਦੇਣ ਦੇ ਬਾਵਜੂਦ ਉਸ ਨੇ ਗੋਲੀਬਾਰੀ ਜਾਰੀ ਰੱਖੀ, ਜਿਸ 'ਤੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਗੁਰਪ੍ਰੀਤ ਦੇ ਕਤਲ ਕਰਨ ਦਾ ਤਰੀਕਾ ਬੇਹੱਦ ਰੂਹ ਕੰਬਾਊ ਸੀ। ਉਹ ਬਿਨਾਂ ਕਿਸੇ ਦੁਸ਼ਮਣੀ ਦੇ ਸ਼ਿਕਾਰ ਵਿਅਕਤੀ ਦੀ ਕੰਨਪੱਟੀ 'ਤੇ ਪਿਸਤੌਲ ਰੱਖ ਕੇ ਸਿੱਧੀ ਗੋਲੀ ਮਾਰਦਾ ਸੀ:
ਪਹਿਲਾ ਕਤਲ: ਐਤਵਾਰ ਸਵੇਰੇ 7 ਵਜੇ ਡੀਡੀਯੂ-ਤਾਡੀਘਾਟ ਪੈਸੰਜਰ ਟ੍ਰੇਨ ਵਿੱਚ ਮੰਗਰੂ ਨਾਮਕ ਨੌਜਵਾਨ ਨੂੰ ਮਾਮੂਲੀ ਬਹਿਸ ਮਗਰੋਂ ਗੋਲੀ ਮਾਰੀ ਅਤੇ ਲਾਸ਼ ਟ੍ਰੇਨ 'ਚੋਂ ਬਾਹਰ ਸੁੱਟ ਦਿੱਤੀ।
ਦੂਜਾ ਕਤਲ: ਐਤਵਾਰ ਦੇਰ ਰਾਤ ਜੰਮੂ-ਤਵੀ ਐਕਸਪ੍ਰੈਸ ਵਿੱਚ ਬਿਹਾਰ ਦੇ ਦਿਨੇਸ਼ ਸਾਹੁ ਦਾ ਕਤਲ ਕੀਤਾ, ਜਦੋਂ ਉਹ ਟਾਇਲਟ ਵੱਲ ਜਾ ਰਿਹਾ ਸੀ।
ਤੀਜਾ ਕਤਲ: ਸੋਮਵਾਰ ਸਵੇਰੇ ਚੰਦੌਲੀ ਦੇ ਜੀਵਕ ਹਸਪਤਾਲ ਵਿੱਚ ਦਾਖ਼ਲ ਇੱਕ ਬਜ਼ੁਰਗ ਮਹਿਲਾ ਲਕਸ਼ਮੀਨਾ ਦੇਵੀ ਨੂੰ ਸੁੱਤੇ ਪਏ ਹੀ ਗੋਲੀ ਮਾਰ ਦਿੱਤੀ।
ਹਸਪਤਾਲ ਵਿੱਚ ਤੀਜੀ ਵਾਰਦਾਤ ਕਰਨ ਤੋਂ ਬਾਅਦ ਜਦੋਂ ਗੁਰਪ੍ਰੀਤ ਭੱਜ ਰਿਹਾ ਸੀ, ਤਾਂ ਇੱਕ ਆਟੋ ਰਿਕਸ਼ਾ ਚਾਲਕ ਵਿਨੋਦ ਦੂਬੇ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਦਾ ਪਿੱਛਾ ਕੀਤਾ। ਵਿਨੋਦ ਨੇ ਹਮਲਾਵਰ ਦੀ ਬਾਂਹ ਮਰੋੜ ਕੇ ਉਸ ਦਾ ਹਥਿਆਰ ਸੁੱਟਵਾ ਦਿੱਤਾ। ਇਸ ਤੋਂ ਬਾਅਦ ਗੁੱਸੇ ਵਿੱਚ ਆਈ ਭੀੜ ਨੇ ਕਾਤਲ ਨੂੰ ਕਾਬੂ ਕਰ ਲਿਆ ਅਤੇ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ।
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ 2021 ਵਿੱਚ ਫੌਜ ਤੋਂ ਸੇਵਾਮੁਕਤ ਹੋਇਆ ਗੁਰਪ੍ਰੀਤ ਸ਼ਰਾਬ ਦਾ ਬੇਹੱਦ ਆਦੀ ਸੀ। ਬਿਹਾਰ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਤੋਂ ਕੱਢੇ ਜਾਣ ਕਾਰਨ ਉਹ ਮਾਨਸਿਕ ਤੌਰ 'ਤੇ ਗੁੱਸੇ ਵਿੱਚ ਸੀ। ਪੁਲਿਸ ਦੇ ਸਵਾਲਾਂ 'ਤੇ ਉਸ ਨੇ ਬੜੀ ਬੇਸ਼ਰਮੀ ਨਾਲ ਕਿਹਾ, "ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ, ਜੋ ਮਨ ਵਿੱਚ ਆਇਆ ਉਹ ਕੀਤਾ।"
ਏਡੀਜੀ ਪੀਯੂਸ਼ ਮੋਰਡੀਆ ਨੇ ਦੱਸਿਆ ਕਿ ਮੁਲਜ਼ਮ ਦਾ ਹੁਲੀਆ (6 ਫੁੱਟ ਕੱਦ ਤੇ ਭਗਵਾ ਗਮਛਾ) ਅਤੇ ਕਤਲ ਕਰਨ ਦਾ ਖ਼ਾਸ ਅੰਦਾਜ਼ ਹੀ ਉਸ ਤੱਕ ਪਹੁੰਚਣ ਲਈ ਸਭ ਤੋਂ ਵੱਡਾ ਸਬੂਤ ਬਣਿਆ। ਇਸ ਐਨਕਾਊਂਟਰ ਨਾਲ ਯੂਪੀ ਪੁਲਿਸ ਨੇ 26 ਘੰਟਿਆਂ ਤੋਂ ਚੱਲ ਰਹੇ ਖ਼ੌਫ਼ਨਾਕ ਸਿਲਸਿਲੇ ਨੂੰ ਖ਼ਤਮ ਕਰ ਦਿੱਤਾ ਹੈ।
Get all latest content delivered to your email a few times a month.