ਤਾਜਾ ਖਬਰਾਂ
ਪੰਜਾਬ ਨੇ ਦੇਸ਼ ਦੇ ਸਿੱਖਿਆ ਢਾਂਚੇ ਵਿੱਚ ਇੱਕ ਵੱਡੀ ਮਿਸਾਲ ਕਾਇਮ ਕਰਦਿਆਂ ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਵਰਗੇ ਸੂਬਿਆਂ ਨੂੰ ਪਛਾੜ ਕੇ ਪ੍ਰਾਇਮਰੀ ਅਤੇ ਮਿਡਲ ਸਕੂਲ ਸਿੱਖਿਆ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਨੀਤੀ ਆਯੋਗ ਵੱਲੋਂ ਜਾਰੀ ਤਾਜ਼ਾ ਰਿਪੋਰਟ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਸਿੱਖਿਆ ਸੁਧਾਰਾਂ ਨੂੰ ਕੌਮੀ ਪੱਧਰ 'ਤੇ ਸਰਵੋਤਮ ਮੰਨਿਆ ਗਿਆ ਹੈ। ਇਹ ਰੈਂਕਿੰਗ ਸੂਬੇ ਦੇ ਬੁਨਿਆਦੀ ਢਾਂਚੇ, ਡਿਜੀਟਲ ਸਿੱਖਿਆ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ।
ਨੀਤੀ ਆਯੋਗ ਦੇ ਅੰਕੜਿਆਂ ਅਨੁਸਾਰ, ਪੰਜਾਬੀ ਵਿਦਿਆਰਥੀਆਂ ਨੇ ਸਿੱਖਣ ਦੀ ਸਮਰੱਥਾ ਵਿੱਚ ਕੇਰਲ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ ਹੈ।
ਤੀਜੀ ਜਮਾਤ (ਭਾਸ਼ਾ): ਪੰਜਾਬ ਨੇ 82% ਅੰਕ ਹਾਸਲ ਕੀਤੇ, ਜਦਕਿ ਕੇਰਲ 75% 'ਤੇ ਰਿਹਾ।
ਤੀਜੀ ਜਮਾਤ (ਗਣਿਤ): ਪੰਜਾਬ 78% ਅੰਕਾਂ ਨਾਲ ਮੋਹਰੀ ਰਿਹਾ, ਜਦਕਿ ਕੇਰਲ ਦੇ 70% ਅੰਕ ਸਨ।
ਨੌਵੀਂ ਜਮਾਤ (ਗਣਿਤ): ਪੰਜਾਬ ਨੇ 52% ਅੰਕ ਪ੍ਰਾਪਤ ਕੀਤੇ, ਜਦਕਿ ਕੇਰਲ 45% 'ਤੇ ਰਿਹਾ।
ਸਰਕਾਰੀ ਸਕੂਲਾਂ ਵਿੱਚ ਡਿਜੀਟਲ ਸਹੂਲਤਾਂ ਦੇ ਮਾਮਲੇ ਵਿੱਚ ਵੀ ਪੰਜਾਬ ਨੇ ਗੁਆਂਢੀ ਸੂਬੇ ਹਰਿਆਣਾ ਨੂੰ ਕਾਫ਼ੀ ਪਿੱਛੇ ਛੱਡ ਦਿੱਤਾ ਹੈ। ਸਮਾਰਟ ਕਲਾਸਰੂਮਾਂ ਵਿੱਚ ਪੰਜਾਬ ਦੀ ਸਕੋਰਿੰਗ 80.1% ਰਹੀ, ਜਦਕਿ ਹਰਿਆਣਾ ਸਿਰਫ਼ 50.3% 'ਤੇ ਸਿਮਟ ਗਿਆ। ਇੰਟਰਨੈੱਟ ਸਹੂਲਤਾਂ ਵਿੱਚ ਪੰਜਾਬ 88.9% 'ਤੇ ਹੈ। ਇਸ ਤੋਂ ਇਲਾਵਾ, ਸਕੂਲਾਂ ਵਿੱਚ ਬਿਜਲੀ (99.9%) ਅਤੇ ਕੰਪਿਊਟਰ ਉਪਲਬਧਤਾ (99%) ਵਿੱਚ ਪੰਜਾਬ ਨੇ ਲਗਭਗ ਸੌ ਫੀਸਦੀ ਨਿਸ਼ਾਨਾ ਹਾਸਲ ਕੀਤਾ ਹੈ।
ਇਸ ਇਤਿਹਾਸਕ ਪ੍ਰਾਪਤੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਜੋ ਬੀਜੋਗੇ ਉਹੀ ਵੱਢੋਗੇ। ਅਸੀਂ ਸਿੱਖਿਆ ਪ੍ਰਣਾਲੀ ਵਿੱਚ ਇਮਾਨਦਾਰੀ ਨਾਲ ਨਿਵੇਸ਼ ਕੀਤਾ, ਅਧਿਆਪਕਾਂ ਨੂੰ ਆਧੁਨਿਕ ਸਿਖਲਾਈ ਦਿੱਤੀ ਅਤੇ ਸਕੂਲਾਂ ਨੂੰ ਸਮਾਰਟ ਬਣਾਇਆ। ਅੱਜ ਉਸੇ ਮਿਹਨਤ ਦਾ ਨਤੀਜਾ ਹੈ ਕਿ ਪੰਜਾਬ ਦੇਸ਼ ਦਾ ਸਿੱਖਿਆ ਹੱਬ ਬਣ ਕੇ ਉਭਰਿਆ ਹੈ।" ਉਨ੍ਹਾਂ ਇਸ ਦਾ ਸਿਹਰਾ ਅਧਿਆਪਕਾਂ, ਮਾਪਿਆਂ ਅਤੇ ਸਿੱਖਿਆ ਵਿਭਾਗ ਦੇ ਸਿਰ ਬੰਨ੍ਹਿਆ।
ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਹੋਰਨਾਂ ਖੇਤਰਾਂ ਵਿੱਚ ਵੀ ਨੰਬਰ-1 ਬਣ ਕੇ ਉਭਰੇਗਾ। ਨੀਤੀ ਆਯੋਗ ਦੀ ਇਹ ਰਿਪੋਰਟ ਸੂਬੇ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਵਧ ਰਹੇ ਲੋਕਾਂ ਦੇ ਭਰੋਸੇ ਦੀ ਪੁਸ਼ਟੀ ਕਰਦੀ ਹੈ।
Get all latest content delivered to your email a few times a month.