ਤਾਜਾ ਖਬਰਾਂ
ਪੰਜਾਬ ਦੇ ਪਿੰਡ ਮੱਲਕੇ ਨਾਲ ਸੰਬੰਧਿਤ ਜਸਦੀਪ ਕੌਰ ਬਰਾੜ ਨੇ ਕੈਨੇਡਾ ਪੁਲਿਸ ਵਿੱਚ ‘ਪੀਸ ਆਫੀਸਰ’ ਵਜੋਂ ਚੁਣੀ ਜਾ ਕੇ ਨਾ ਸਿਰਫ਼ ਆਪਣੇ ਪਰਿਵਾਰ ਦਾ ਸਿਰ ਉੱਚਾ ਕੀਤਾ ਹੈ, ਸਗੋਂ ਪੂਰੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਲਈ ਮਾਣ ਦਾ ਕਾਰਨ ਬਣੀ ਹੈ। ਉਹ ਪਿੰਡ ਮੱਲਕੇ ਦੇ ਸਰਪੰਚ ਜਸਵਿੰਦਰ ਸਿੰਘ ਰਾਜਾ ਮੱਲਕੇ ਦੀ ਹੋਣਹਾਰ ਧੀ ਹੈ।
ਜਿਵੇਂ ਹੀ ਉਸਦੀ ਇਸ ਵੱਡੀ ਉਪਲਬਧੀ ਦੀ ਖ਼ਬਰ ਇਲਾਕੇ ਵਿੱਚ ਫੈਲੀ, ਪਿੰਡ ਅਤੇ ਨੇੜਲੇ ਇਲਾਕਿਆਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਘਰ ਵਿੱਚ ਵਧਾਈ ਦੇਣ ਵਾਲਿਆਂ ਦੀ ਭੀੜ ਲੱਗ ਗਈ ਅਤੇ ਲੋਕਾਂ ਨੇ ਢੋਲ ਦੀਆਂ ਧੁਨਾਂ 'ਤੇ ਭੰਗੜਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਰਿਸ਼ਤੇਦਾਰਾਂ, ਦੋਸਤਾਂ ਅਤੇ ਸਥਾਨਕ ਆਗੂਆਂ ਵੱਲੋਂ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।
ਜਸਦੀਪ ਕੌਰ ਦੀ ਇਹ ਸਫਲਤਾ ਉਸਦੀ ਕਠਿਨ ਮਿਹਨਤ, ਦ੍ਰਿੜ ਨਿਸ਼ਚੇ ਅਤੇ ਉੱਚੇ ਇਰਾਦਿਆਂ ਦਾ ਨਤੀਜਾ ਹੈ। ਕੈਨੇਡਾ ਵਰਗੇ ਵਿਕਸਿਤ ਦੇਸ਼ ਵਿੱਚ ਪੁਲਿਸ ਵਿਭਾਗ ਵਿੱਚ ਸ਼ਾਮਲ ਹੋਣਾ ਬਹੁਤ ਹੀ ਚੁਣੌਤੀਪੂਰਨ ਹੁੰਦਾ ਹੈ, ਜਿਸ ਲਈ ਸਖ਼ਤ ਸਰੀਰਕ, ਮਾਨਸਿਕ ਅਤੇ ਅਕਾਦਮਿਕ ਮਾਪਦੰਡਾਂ ਤੋਂ ਲੰਘਣਾ ਪੈਂਦਾ ਹੈ। ਉਸਨੇ ਇਹ ਸਾਰੇ ਪੜਾਅ ਸਫਲਤਾਪੂਰਵਕ ਪਾਰ ਕਰਕੇ ਇਹ ਮੰਜ਼ਿਲ ਹਾਸਲ ਕੀਤੀ ਹੈ।
ਉਸਦੇ ਪਿਤਾ ਸਰਪੰਚ ਜਸਵਿੰਦਰ ਸਿੰਘ ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਨੇ ਪਰਿਵਾਰ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਜਸਦੀਪ ਕੌਰ ਆਪਣੀ ਡਿਊਟੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਏਗੀ ਅਤੇ ਅੱਗੇ ਹੋਰ ਵੱਡੀਆਂ ਸਫਲਤਾਵਾਂ ਹਾਸਲ ਕਰੇਗੀ।
ਜਸਦੀਪ ਕੌਰ ਬਰਾੜ ਦੀ ਇਸ ਉਪਲਬਧੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਖੂਬ ਚਰਚਾ ਹੋ ਰਹੀ ਹੈ, ਜਿੱਥੇ ਪੰਜਾਬੀ ਭਾਈਚਾਰਾ ਉਸਨੂੰ ਵਧਾਈਆਂ ਦੇ ਕੇ ਆਪਣੀ ਖੁਸ਼ੀ ਸਾਂਝੀ ਕਰ ਰਿਹਾ ਹੈ। ਇਹ ਕਾਮਯਾਬੀ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਹੀ ਹੈ ਕਿ ਮਿਹਨਤ ਅਤੇ ਲਗਨ ਨਾਲ ਕਿਸੇ ਵੀ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ।
Get all latest content delivered to your email a few times a month.