IMG-LOGO
ਹੋਮ ਰਾਸ਼ਟਰੀ: ਬੰਗਾਲ 'ਚ 'ਕਮਲ' ਦੀ ਇਤਿਹਾਸਕ ਦਸਤਕ: 10 ਮਈ ਤੋਂ ਪਹਿਲਾਂ...

ਬੰਗਾਲ 'ਚ 'ਕਮਲ' ਦੀ ਇਤਿਹਾਸਕ ਦਸਤਕ: 10 ਮਈ ਤੋਂ ਪਹਿਲਾਂ ਹੋ ਸਕਦਾ ਹੈ ਸਹੁੰ ਚੁੱਕ ਸਮਾਗਮ; ਮੁੱਖ ਮੰਤਰੀ ਦੀ ਦੌੜ 'ਚ ਕਈ ਦਿੱਗਜ ਚਿਹਰੇ ਸ਼ਾਮਲ

Admin User - May 05, 2026 01:02 PM
IMG

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਸੂਬੇ ਵਿੱਚ ਨਵੀਂ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਸ਼ੁਰੂ ਹੋ ਗਈਆਂ ਹਨ। ਸੂਤਰਾਂ ਮੁਤਾਬਕ ਭਾਜਪਾ 10 ਮਈ ਤੋਂ ਪਹਿਲਾਂ ਸਰਕਾਰ ਦਾ ਗਠਨ ਕਰ ਸਕਦੀ ਹੈ। ਖ਼ਾਸ ਗੱਲ ਇਹ ਹੈ ਕਿ 9 ਮਈ ਨੂੰ ਗੁਰੂਦੇਵ ਰਬਿੰਦਰਨਾਥ ਟੈਗੋਰ ਦੀ ਜਯੰਤੀ ਹੈ, ਜਿਸ ਨੂੰ ਮੁੱਖ ਰੱਖਦਿਆਂ ਪਾਰਟੀ ਇਸ ਦਿਨ ਨੂੰ ਸਰਕਾਰ ਦੇ ਆਗਾਜ਼ ਲਈ ਇੱਕ ਸ਼ੁਭ ਅਤੇ ਪ੍ਰਤੀਕਾਤਮਕ ਮੌਕੇ ਵਜੋਂ ਦੇਖ ਰਹੀ ਹੈ।


ਸੂਬੇ ਦੀ ਭਵਿੱਖੀ ਰਣਨੀਤੀ ਅਤੇ ਕੈਬਨਿਟ ਦੇ ਸਰੂਪ ਨੂੰ ਲੈ ਕੇ ਅੱਜ ਦਿੱਲੀ ਵਿੱਚ ਭਾਜਪਾ ਹਾਈਕਮਾਂਡ ਦੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਉੱਚ-ਪੱਧਰੀ ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਹੇਠ ਸੁਵੇਂਦੂ ਅਧਿਕਾਰੀ, ਸਮਿਕ ਭੱਟਾਚਾਰੀਆ, ਭੂਪੇਂਦਰ ਯਾਦਵ ਅਤੇ ਸੁਨੀਲ ਬਾਂਸਲ ਵਰਗੇ ਆਗੂ ਸ਼ਮੂਲੀਅਤ ਕਰਨਗੇ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਨਾਂ 'ਤੇ ਅੰਤਿਮ ਮੋਹਰ ਲੱਗਣ ਦੀ ਸੰਭਾਵਨਾ ਹੈ।


ਮੁੱਖ ਮੰਤਰੀ ਦੇ ਅਹੁਦੇ ਲਈ ਇਸ ਵੇਲੇ ਸ਼ੁਭੇਂਦੂ ਅਧਿਕਾਰੀ, ਸ਼ਮਿਕ ਭੱਟਾਚਾਰੀਆ ਅਤੇ ਸਵਪਨ ਦਾਸਗੁਪਤਾ ਦੇ ਨਾਂ ਸਭ ਤੋਂ ਅੱਗੇ ਚੱਲ ਰਹੇ ਹਨ। ਹਾਲਾਂਕਿ, ਚਰਚਾ ਇਹ ਵੀ ਹੈ ਕਿ ਭਾਜਪਾ ਆਪਣੀ ਮਹਿਲਾ-ਪੱਖੀ ਛਵੀ ਨੂੰ ਮਜ਼ਬੂਤ ਕਰਨ ਲਈ ਕਿਸੇ ਮਹਿਲਾ ਆਗੂ ਨੂੰ ਕਮਾਨ ਸੌਂਪ ਸਕਦੀ ਹੈ। ਇਸ ਦੌੜ ਵਿੱਚ ਅਗਨੀਮਿੱਤਰਾ ਪਾਲ ਅਤੇ 'ਮਹਾਭਾਰਤ' ਦੀ ਦ੍ਰੋਪਦੀ ਵਜੋਂ ਮਸ਼ਹੂਰ ਰੂਪਾ ਗਾਂਗੁਲੀ ਦੇ ਨਾਂ ਵੀ ਪ੍ਰਮੁੱਖਤਾ ਨਾਲ ਉੱਭਰ ਰਹੇ ਹਨ।


ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ 206 ਸੀਟਾਂ ਜਿੱਤ ਕੇ ਦੋ ਤਿਹਾਈ ਬਹੁਮਤ ਦੇ ਨਾਲ ਇਤਿਹਾਸਕ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ, ਸੱਤਾਧਾਰੀ ਟੀਐਮਸੀ ਸਿਰਫ਼ 80 ਸੀਟਾਂ 'ਤੇ ਸਿਮਟ ਕੇ ਰਹਿ ਗਈ ਹੈ। ਸਭ ਤੋਂ ਵੱਡਾ ਉਲਟਫੇਰ ਭਵਾਨੀਪੁਰ ਸੀਟ 'ਤੇ ਦੇਖਣ ਨੂੰ ਮਿਲਿਆ, ਜਿੱਥੇ ਖੁਦ ਮਮਤਾ ਬੈਨਰਜੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ।


ਕਰਾਰੀ ਹਾਰ ਤੋਂ ਬਾਅਦ ਟੀਐਮਸੀ ਮੁਖੀ ਮਮਤਾ ਬੈਨਰਜੀ ਨੇ ਭਾਜਪਾ 'ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਲਗਭਗ 100 ਸੀਟਾਂ 'ਤੇ ਵੋਟਾਂ ਦੀ ਗਿਣਤੀ ਵਿੱਚ ਹੇਰਾਫੇਰੀ ਕੀਤੀ ਗਈ ਹੈ। ਹਾਲਾਂਕਿ, ਭਾਜਪਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਿਆਂ ਇਸ ਨੂੰ ਜਨਤਾ ਦਾ ਫ਼ਤਵਾ ਕਰਾਰ ਦਿੱਤਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਦਿੱਲੀ ਵਿੱਚ ਹੋਣ ਵਾਲੀ ਮੀਟਿੰਗ ਅਤੇ ਬੰਗਾਲ ਦੇ ਨਵੇਂ ਮੁੱਖ ਮੰਤਰੀ ਦੇ ਐਲਾਨ 'ਤੇ ਟਿਕੀਆਂ ਹੋਈਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.