ਤਾਜਾ ਖਬਰਾਂ
ਵਿਸ਼ਵ ਅਰਥਵਿਵਸਥਾ ਦੇ ਨਾਜ਼ੁਕ ਦੌਰ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਜਿਹਾ ਐਲਾਨ ਕੀਤਾ ਹੈ ਜਿਸ ਨੇ ਕੌਮਾਂਤਰੀ ਵਪਾਰ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ। ਸ਼ੁੱਕਰਵਾਰ ਨੂੰ ਵਾਸ਼ਿੰਗਟਨ ਤੋਂ ਜਾਰੀ ਬਿਆਨ ਵਿੱਚ ਟਰੰਪ ਨੇ ਕਿਹਾ ਕਿ ਅਗਲੇ ਹਫ਼ਤੇ ਤੋਂ ਯੂਰਪੀਅਨ ਯੂਨੀਅਨ (EU) ਤੋਂ ਆਯਾਤ ਹੋਣ ਵਾਲੀਆਂ ਕਾਰਾਂ ਅਤੇ ਟਰੱਕਾਂ 'ਤੇ 25 ਫੀਸਦੀ ਟੈਰਿਫ ਲਗਾਇਆ ਜਾਵੇਗਾ। ਰਾਸ਼ਟਰਪਤੀ ਨੇ ਯੂਰਪੀ ਸੰਘ 'ਤੇ ਵਪਾਰਕ ਸਮਝੌਤਿਆਂ ਦੀ ਉਲੰਘਣਾ ਕਰਨ ਦਾ ਸਿੱਧਾ ਦੋਸ਼ ਲਗਾਇਆ ਹੈ।
ਇਹ ਫੈਸਲਾ ਇਸ ਲਈ ਵੀ ਹੈਰਾਨੀਜਨਕ ਹੈ ਕਿਉਂਕਿ ਪਿਛਲੇ ਸਾਲ ਜੁਲਾਈ ਵਿੱਚ ਟਰੰਪ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਵਿਚਕਾਰ 'ਟਰਨਬੇਰੀ ਸਮਝੌਤਾ' ਹੋਇਆ ਸੀ। ਇਸ ਸਮਝੌਤੇ ਤਹਿਤ ਟੈਰਿਫ ਦੀ ਸੀਮਾ 15 ਫੀਸਦੀ ਨਿਰਧਾਰਤ ਕੀਤੀ ਗਈ ਸੀ। ਪਰ ਹੁਣ ਅਚਾਨਕ 25 ਫੀਸਦੀ ਟੈਕਸ ਦਾ ਐਲਾਨ ਇਸ ਡੀਲ ਦੀਆਂ ਧੱਜੀਆਂ ਉਡਾਉਂਦਾ ਨਜ਼ਰ ਆ ਰਿਹਾ ਹੈ। ਟਰੰਪ ਪ੍ਰਸ਼ਾਸਨ ਇਸ ਵੇਲੇ ਰਾਸ਼ਟਰੀ ਸੁਰੱਖਿਆ ਅਤੇ ਵਪਾਰਕ ਅਸੰਤੁਲਨ ਦਾ ਹਵਾਲਾ ਦੇ ਕੇ ਨਵੇਂ ਟੈਰਿਫ ਲਾਗੂ ਕਰਨ ਦੀ ਤਿਆਰੀ ਵਿੱਚ ਹੈ।
ਇਸ ਵਿਵਾਦ ਦੀਆਂ ਜੜ੍ਹਾਂ ਅਮਰੀਕੀ ਸੁਪਰੀਮ ਕੋਰਟ ਦੇ ਉਸ ਫੈਸਲੇ ਵਿੱਚ ਹਨ, ਜਿਸ ਵਿੱਚ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਕੋਲ ਯੂਰਪੀ ਸਮਾਨ 'ਤੇ ਮਨਮਰਜ਼ੀ ਨਾਲ ਟੈਰਿਫ ਲਗਾਉਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ। ਅਦਾਲਤ ਦੇ ਦਖ਼ਲ ਤੋਂ ਬਾਅਦ ਇਹ ਸੀਮਾ ਘਟਾ ਕੇ 10 ਫੀਸਦੀ ਕਰ ਦਿੱਤੀ ਗਈ ਸੀ, ਪਰ ਟਰੰਪ ਪ੍ਰਸ਼ਾਸਨ ਹੁਣ ਹੋਰਨਾਂ ਕਾਨੂੰਨੀ ਰਾਹਾਂ ਰਾਹੀਂ ਇਸ ਨੂੰ ਵਧਾ ਕੇ 25 ਫੀਸਦੀ ਕਰਨ 'ਤੇ ਅੜਿਆ ਹੋਇਆ ਹੈ।
ਆਰਥਿਕ ਮਾਹਿਰਾਂ ਅਨੁਸਾਰ, ਇਸ ਫੈਸਲੇ ਦੇ ਸਿੱਧੇ ਸਿੱਟੇ ਮਹਿੰਗਾਈ ਦੇ ਰੂਪ ਵਿੱਚ ਸਾਹਮਣੇ ਆਉਣਗੇ। ਅਮਰੀਕਾ ਵਿੱਚ ਕਾਰਾਂ ਅਤੇ ਟਰੱਕਾਂ ਦੀਆਂ ਕੀਮਤਾਂ ਵਧਣ ਨਾਲ ਟ੍ਰਾਂਸਪੋਰਟ ਅਤੇ ਸਪਲਾਈ ਚੇਨ ਪ੍ਰਭਾਵਿਤ ਹੋਵੇਗੀ।
ਵਪਾਰਕ ਅੰਕੜਾ: 2024 ਵਿੱਚ ਦੋਵਾਂ ਪਾਸਿਆਂ ਵਿਚਕਾਰ ਲਗਭਗ 1.7 ਟ੍ਰਿਲੀਅਨ ਯੂਰੋ ਦਾ ਵਪਾਰ ਹੋਣ ਦਾ ਅਨੁਮਾਨ ਸੀ।
ਬੱਚਤ 'ਤੇ ਸੱਟ: ਯੂਰਪੀ ਵਾਹਨ ਨਿਰਮਾਤਾਵਾਂ ਨੂੰ ਪੁਰਾਣੇ ਸਮਝੌਤੇ ਨਾਲ ਹਰ ਮਹੀਨੇ 500 ਤੋਂ 600 ਮਿਲੀਅਨ ਯੂਰੋ ਦੀ ਬਚਤ ਹੋ ਰਹੀ ਸੀ, ਜੋ ਹੁਣ ਖ਼ਤਰੇ ਵਿੱਚ ਹੈ।
ਯੂਰਪੀਅਨ ਯੂਨੀਅਨ ਨੇ ਵੀ ਇਸ ਮਾਮਲੇ 'ਤੇ ਸਖ਼ਤ ਰੁਖ਼ ਅਪਣਾਇਆ ਹੈ। ਯੂਰਪੀ ਕਮਿਸ਼ਨ ਨੇ ਅਮਰੀਕਾ ਨੂੰ ਉਸ ਦੇ ਪੁਰਾਣੇ ਵਾਅਦੇ ਯਾਦ ਦਿਵਾਉਂਦਿਆਂ ਸਾਫ਼ ਕਿਹਾ ਹੈ ਕਿ "ਡੀਲ ਤਾਂ ਡੀਲ ਹੁੰਦੀ ਹੈ।" ਯੂਰਪ ਨੇ ਉਮੀਦ ਜਤਾਈ ਹੈ ਕਿ ਅਮਰੀਕਾ ਸਾਂਝੇ ਬਿਆਨ ਵਿੱਚ ਕੀਤੇ ਵਾਅਦਿਆਂ ਦੀ ਪਾਲਣਾ ਕਰੇਗਾ ਅਤੇ ਯੂਰਪੀ ਉਤਪਾਦਾਂ 'ਤੇ ਵਾਧੂ ਟੈਕਸ ਨਹੀਂ ਥੋਪੇਗਾ। ਜੇਕਰ ਅਮਰੀਕਾ ਆਪਣੇ ਫੈਸਲੇ 'ਤੇ ਅੱਗੇ ਵਧਦਾ ਹੈ, ਤਾਂ ਵਿਸ਼ਵ ਪੱਧਰ 'ਤੇ ਇੱਕ ਨਵੀਂ 'ਟਰੇਡ ਵਾਰ' (ਵਪਾਰਕ ਜੰਗ) ਸ਼ੁਰੂ ਹੋ ਸਕਦੀ ਹੈ।
Get all latest content delivered to your email a few times a month.