ਤਾਜਾ ਖਬਰਾਂ
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕੇਟ ਦਾ ਭੰਡਾਫੋੜ ਕੀਤਾ ਹੈ। ਪੁਲਿਸ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ (ISI) ਦੇ ਇਸ਼ਾਰੇ 'ਤੇ ਡਰੋਨ ਅਤੇ ਸਰਹੱਦੀ ਰਸਤਿਆਂ ਰਾਹੀਂ ਭਾਰਤ ਲਿਆਂਦੇ ਗਏ ਅਤਿ-ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਪੁਲਿਸ ਅਨੁਸਾਰ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਜ਼ਿਗਾਨਾ (Zigana) ਅਤੇ ਗਲੌਕ (Glock) ਵਰਗੀਆਂ ਵਿਦੇਸ਼ੀ ਪਿਸਤੌਲਾਂ ਸ਼ਾਮਲ ਹਨ। ਕੁੱਲ 23 ਅਤਿ-ਆਧੁਨਿਕ ਹਥਿਆਰ ਅਤੇ 92 ਕਾਰਤੂਸ ਜ਼ਬਤ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਬਿਹਾਰ ਦੇ ਮੁੰਗੇਰ ਵਿੱਚ ਬਣੇ ਦੇਸੀ ਹਥਿਆਰ ਵੀ ਮਿਲੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਦਿੱਲੀ-NCR, ਪੰਜਾਬ ਅਤੇ ਹੋਰ ਰਾਜਾਂ ਦੇ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਤੱਕ ਪਹੁੰਚਾਏ ਜਾਣੇ ਸਨ।
ਇਸ ਪੂਰੇ ਮਾਡਿਊਲ ਦਾ ਮੁੱਖ ਸੰਚਾਲਕ ਯੂਪੀ ਦੇ ਖੁਰਜਾ ਦਾ ਰਹਿਣ ਵਾਲਾ ਸ਼ਾਹਬਾਜ਼ ਅੰਸਾਰੀ ਹੈ। ਸ਼ਾਹਬਾਜ਼ ਇਸ ਵੇਲੇ ਬੰਗਲਾਦੇਸ਼ ਵਿੱਚ ਬੈਠ ਕੇ ਨੈੱਟਵਰਕ ਚਲਾ ਰਿਹਾ ਹੈ। ਉਸ ਦਾ ਚਾਚਾ ਰੇਹਾਨ ਅੰਸਾਰੀ ਦੁਬਈ ਤੋਂ ਇਸ ਕੰਮ ਵਿੱਚ ਮਦਦ ਕਰ ਰਿਹਾ ਹੈ। ਭਾਰਤ ਵਿੱਚ ਹਥਿਆਰਾਂ ਦੀ ਖੇਪ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਸ਼ਾਹਬਾਜ਼ ਦੇ ਚਚੇਰੇ ਭਰਾ ਰਾਹਿਲ ਅੰਸਾਰੀ ਦੀ ਸੀ, ਜੋ ਨੇਪਾਲ ਅਤੇ ਪੰਜਾਬ ਸਰਹੱਦ ਰਾਹੀਂ ਸਪਲਾਈ ਮੰਗਵਾਉਂਦਾ ਸੀ।
ਹੈਰਾਨੀਜਨਕ ਖੁਲਾਸਾ ਇਹ ਹੋਇਆ ਹੈ ਕਿ ਸ਼ਾਹਬਾਜ਼ ਅੰਸਾਰੀ ਦਾ ਨਾਮ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਵੀ ਆ ਚੁੱਕਾ ਹੈ। ਉਸ ਕੇਸ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ 'ਤੇ ਬਾਹਰ ਆਉਂਦਿਆਂ ਹੀ ਉਹ ਬੰਗਲਾਦੇਸ਼ ਫ਼ਰਾਰ ਹੋ ਗਿਆ ਸੀ। ਹੁਣ ਉਹ ਮੁੜ ਤੋਂ ISI ਦੇ ਸੰਪਰਕ ਵਿੱਚ ਆ ਕੇ ਭਾਰਤ ਵਿਰੋਧੀ ਗਤੀਵਿਧੀਆਂ 'ਚ ਜੁੜ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮਾਂ ਵਿੱਚ ਦਿੱਲੀ ਦੇ ਮੌਜਪੁਰ ਦਾ ਫਰਦੀਨ, ਆਜ਼ਮਗੜ੍ਹ ਦਾ ਵਿਸ਼ਾਲ ਸਿੰਘਾਨੀਆ ਅਤੇ ਜੌਨਪੁਰ ਦਾ ਅਹਿਮਦ ਸ਼ਾਮਲ ਹਨ, ਜੋ ਹਥਿਆਰਾਂ ਨੂੰ ਅੱਗੇ ਵੇਚਣ ਦਾ ਕੰਮ ਕਰਦੇ ਸਨ। ਸਪੈਸ਼ਲ ਸੈੱਲ ਹੁਣ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਵਿੱਚ ਜੁਟੀ ਹੈ ਤਾਂ ਜੋ ਪੂਰੇ ਮਾਡਿਊਲ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।
Get all latest content delivered to your email a few times a month.