ਤਾਜਾ ਖਬਰਾਂ
ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਨੰਦਿਨੀ ਲੇਆਉਟ ਇਲਾਕੇ ਵਿੱਚ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਇੱਕ ਮਹਿਲਾ ਪੇਇੰਗ ਗੈਸਟ (PG) ਵਿੱਚ ਭਿਆਨਕ ਅੱਗ ਲੱਗਣ ਕਾਰਨ ਦਹਿਸ਼ਤ ਫੈਲ ਗਈ। ਅੱਗ ਦੀਆਂ ਉੱਚੀਆਂ ਲਪਟਾਂ ਅਤੇ ਕਾਲੇ ਧੂੰਏਂ ਨੇ ਇਮਾਰਤ ਦੇ ਨਿਕਾਸੀ ਰਸਤਿਆਂ ਨੂੰ ਬੰਦ ਕਰ ਦਿੱਤਾ, ਜਿਸ ਕਾਰਨ ਅੰਦਰ ਮੌਜੂਦ ਕੁੜੀਆਂ ਵਿੱਚ ਭਾਜੜ ਮਚ ਗਈ। ਆਪਣੀ ਜਾਨ ਬਚਾਉਣ ਲਈ 30 ਤੋਂ ਵੱਧ ਮੁਟਿਆਰਾਂ ਨੇ ਚਾਰ ਮੰਜ਼ਿਲਾ ਇਮਾਰਤ ਤੋਂ ਹੇਠਾਂ ਛਾਲਾਂ ਮਾਰ ਦਿੱਤੀਆਂ। ਇਸ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੱਗ ਰਾਤ ਕਰੀਬ ਪੌਣੇ ਇੱਕ ਵਜੇ ਪੀ.ਜੀ. ਦੇ ਕੋਲ ਸਥਿਤ ਇੱਕ LED ਬੈਨਰ ਦੀ ਦੁਕਾਨ ਦੀ ਵਾਇਰਿੰਗ ਵਿੱਚ ਹੋਏ ਸ਼ਾਰਟ ਸਰਕਟ ਕਾਰਨ ਲੱਗੀ। ਇਹ ਅੱਗ ਤੇਜ਼ੀ ਨਾਲ ਫੈਲਦੀ ਹੋਈ ਨਾਲ ਲੱਗਦੀ ਚਾਰ ਮੰਜ਼ਿਲਾ ਪੀ.ਜੀ. ਇਮਾਰਤ ਤੱਕ ਪਹੁੰਚ ਗਈ। ਕੁਝ ਹੀ ਮਿੰਟਾਂ ਵਿੱਚ ਪੂਰੀ ਇਮਾਰਤ ਅੱਗ ਦੀ ਲਪੇਟ ਵਿੱਚ ਆ ਗਈ, ਜਿਸ ਕਾਰਨ ਅੰਦਰ ਰਹਿ ਰਹੀਆਂ ਕੁੜੀਆਂ ਕੋਲ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਬਚਿਆ।
ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਘਬਰਾਹਟ ਵਿੱਚ ਮੁਟਿਆਰਾਂ ਇਮਾਰਤ ਤੋਂ ਹੇਠਾਂ ਕੁੱਦ ਰਹੀਆਂ ਹਨ। ਸਥਾਨਕ ਨਿਵਾਸੀਆਂ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਸਾਰੀਆਂ ਕੁੜੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਚਸ਼ਮਦੀਦਾਂ ਅਨੁਸਾਰ ਜੇਕਰ ਲੋਕ ਸਮੇਂ ਸਿਰ ਮਦਦ ਲਈ ਨਾ ਪਹੁੰਚਦੇ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।
ਬੈਂਗਲੁਰੂ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਵਿੱਚ ਕਿਸੇ ਦੇ ਹਤਾਹਤ ਹੋਣ ਦੀ ਕੋਈ ਖ਼ਬਰ ਨਹੀਂ ਹੈ, ਹਾਲਾਂਕਿ ਕੁਝ ਕੁੜੀਆਂ ਨੂੰ ਛਾਲ ਮਾਰਨ ਕਾਰਨ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਅਣਗਹਿਲੀਆਂ ਨੂੰ ਰੋਕਿਆ ਜਾ ਸਕੇ। ਸੁਰੱਖਿਆ ਮਾਹਿਰਾਂ ਵੱਲੋਂ ਇਮਾਰਤ ਦੇ ਫਾਇਰ ਸੇਫਟੀ ਨਿਯਮਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
Get all latest content delivered to your email a few times a month.