ਤਾਜਾ ਖਬਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੰਡੀਗੜ੍ਹ ਦੇ ਸੈਕਟਰ 27-ਬੀ ਵਿੱਚ ਸਥਿਤ ਨਿਸਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਦਾ ਦੌਰਾ ਕਰਕੇ ਉੱਥੇ ਤਿਆਰੀ ਕਰ ਰਹੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਇਹ ਕੇਂਦਰ SGPC ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਅਧੀਨ ਚੱਲ ਰਿਹਾ ਹੈ ਅਤੇ ਇੱਥੇ IAS, IPS ਅਤੇ PCS ਵਰਗੀਆਂ ਮੁਕਾਬਲਤੀ ਪ੍ਰੀਖਿਆਵਾਂ ਲਈ ਕੋਚਿੰਗ ਦਿੱਤੀ ਜਾਂਦੀ ਹੈ।
ਦੌਰੇ ਦੌਰਾਨ ਧਾਮੀ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਦੇਸ਼ ਅੰਦਰ ਹੀ ਉੱਚ ਅਹੁਦਿਆਂ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕੇਂਦਰ ਦੇ ਅਧਿਕਾਰੀਆਂ ਅਤੇ ਸਬੰਧਤ ਕਮੇਟੀ ਮੈਂਬਰਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਦੱਸਿਆ ਕਿ ਕੇਵਲ ਪੰਜ ਮਹੀਨਿਆਂ ਦੀ ਤਿਆਰੀ ਨਾਲ ਹੀ ਕਈ ਵਿਦਿਆਰਥੀਆਂ ਨੇ PCS ਪ੍ਰੀਲੀਮਸ ਪ੍ਰੀਖਿਆ ਪਹਿਲੀ ਕੋਸ਼ਿਸ਼ ਵਿੱਚ ਪਾਸ ਕੀਤੀ ਹੈ।
ਉਨ੍ਹਾਂ ਨੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਸਫਲਤਾ ਲਈ ਅਨੁਸ਼ਾਸਨ, ਵਫ਼ਾਦਾਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆਵਾਂ ‘ਤੇ ਚੱਲਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ SGPC ਦੇ ਕਾਲਜਾਂ ਵਿੱਚ ਸੈਸ਼ਨ 2026-27 ਤੋਂ ਬੀ.ਏ ਦੇ ਪਹਿਲੇ ਸਾਲ ਤੋਂ ਹੀ ਸਿਵਲ ਅਤੇ ਹੋਰ ਮੁਕਾਬਲਤੀ ਪ੍ਰੀਖਿਆਵਾਂ ਦੀ ਤਿਆਰੀ ਮੁਫ਼ਤ ਕਰਵਾਈ ਜਾਵੇਗੀ।
ਇਸ ਮੌਕੇ ਸਕੱਤਰ (ਵਿੱਦਿਆ) ਸੁਖਮਿੰਦਰ ਸਿੰਘ ਨੇ SGPC ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ। ਦੌਰੇ ਦੌਰਾਨ ਕਮੇਟੀ ਦੇ ਹੋਰ ਮੈਂਬਰ ਅਤੇ ਅਕੈਡਮੀ ਦੇ ਵਿਦਿਆਰਥੀ ਵੀ ਮੌਜੂਦ ਰਹੇ।
Get all latest content delivered to your email a few times a month.