ਤਾਜਾ ਖਬਰਾਂ
ਪੰਜਾਬ ਦੇ ਗੁਰਦਾਸਪੁਰ ਦੀ ਦਾਣਾ ਮੰਡੀ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕਈ ਦਿਨਾਂ ਤੋਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਇੱਕ ਟਰੱਕ ਡਰਾਈਵਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ (50), ਪਿੰਡ ਪੱਚੋ ਚੱਕ ਦੇ ਨਿਵਾਸੀ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਪਿਛਲੇ 4-5 ਦਿਨਾਂ ਤੋਂ ਮੰਡੀ ਵਿੱਚ ਖੜ੍ਹੇ ਵੇਅਰਹਾਊਸ ਦੇ ਗੋਦਾਮਾਂ ‘ਚ ਆਪਣੀ ਗੱਡੀ ਖਾਲੀ ਹੋਣ ਦੀ ਉਡੀਕ ਕਰ ਰਹੇ ਸਨ। ਰਾਤ ਦੇ ਸਮੇਂ ਉਹ ਟਰੱਕ ਵਿੱਚ ਹੀ ਆਰਾਮ ਕਰ ਰਹੇ ਸਨ, ਪਰ ਸਵੇਰੇ ਉਨ੍ਹਾਂ ਨੂੰ ਜਗਾਉਣ ‘ਤੇ ਉਹ ਬੇਹੋਸ਼ ਮਿਲੇ ਅਤੇ ਬਾਅਦ ਵਿੱਚ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਉਨ੍ਹਾਂ ਦੇ ਮੂੰਹ ਵਿੱਚੋਂ ਖੂਨ ਆਉਣ ਕਾਰਨ ਦਿਲ ਦੇ ਦੌਰੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਹਾਲਾਂਕਿ ਅਸਲ ਕਾਰਨ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗੀ।
ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਹੋਰ ਟਰੱਕ ਡਰਾਈਵਰਾਂ ਨੇ ਪ੍ਰਸ਼ਾਸਨ ਅਤੇ ਖਰੀਦ ਏਜੰਸੀਆਂ ਖ਼ਿਲਾਫ਼ ਤਿੱਖਾ ਰੋਸ ਜਤਾਇਆ। ਡਰਾਈਵਰਾਂ ਦੇ ਅਨੁਸਾਰ ਉਹ 20-21 ਤਰੀਖ ਤੋਂ ਮੰਡੀ ਵਿੱਚ ਫਸੇ ਹੋਏ ਹਨ, ਪਰ ਲਗਾਤਾਰ 5-6 ਦਿਨ ਬੀਤਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਗੱਡੀਆਂ ਖਾਲੀ ਨਹੀਂ ਕੀਤੀਆਂ ਜਾ ਰਹੀਆਂ।
ਡਰਾਈਵਰਾਂ ਨੇ ਦੱਸਿਆ ਕਿ ਅੱਤ ਦੀ ਗਰਮੀ, ਧੂੜ-ਮਿੱਟੀ ਅਤੇ ਸੁਰੱਖਿਆ ਦੀ ਘਾਟ ਕਾਰਨ ਉਹ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਰਹਿਣ ਲਈ ਮਜਬੂਰ ਹਨ। ਚੋਰੀ ਦੇ ਡਰ ਕਰਕੇ ਉਹਨਾਂ ਨੂੰ ਟਰੱਕਾਂ ਵਿੱਚ ਹੀ ਸੌਣਾ ਪੈਂਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਵੇਅਰਹਾਊਸ ਅਤੇ ਆੜ੍ਹਤੀਆਂ ਵਿਚਾਲੇ ਜਗ੍ਹਾ ਦੀ ਕਮੀ ਕਾਰਨ ਪੈਦਾ ਹੋਇਆ ਵਿਵਾਦ ਇਸ ਸਾਰੀ ਦੇਰੀ ਦੀ ਵਜ੍ਹਾ ਬਣਿਆ ਹੋਇਆ ਹੈ।
ਡਰਾਈਵਰਾਂ ਨੇ ਸਰਕਾਰ ਅਤੇ ਸੰਬੰਧਤ ਵਿਭਾਗਾਂ ਕੋਲ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਫਸਲ ਦੀ ਲਿਫਟਿੰਗ ਅਤੇ ਗੱਡੀਆਂ ਨੂੰ ਜਲਦੀ ਖਾਲੀ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਦੁਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ।
Get all latest content delivered to your email a few times a month.