ਤਾਜਾ ਖਬਰਾਂ
ਵਿਸ਼ਵ ਰਾਜਨੀਤੀ ਦੇ ਦੋ ਦਿੱਗਜ ਨੇਤਾਵਾਂ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਜੂਨ ਮਹੀਨੇ ਵਿੱਚ ਅਹਿਮ ਮੁਲਾਕਾਤ ਹੋਣ ਦੀ ਉਮੀਦ ਹੈ। ਇਹ ਮੁਲਾਕਾਤ ਫਰਾਂਸ ਦੇ ਏਵੀਅਨ ਸ਼ਹਿਰ ਵਿੱਚ 15 ਤੋਂ 17 ਜੂਨ ਤੱਕ ਹੋਣ ਵਾਲੇ ਜੀ-7 (G7) ਸੰਮੇਲਨ ਦੌਰਾਨ ਹੋ ਸਕਦੀ ਹੈ। ਇਸ ਉੱਚ ਪੱਧਰੀ ਬੈਠਕ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਮਈ ਮਹੀਨੇ ਵਿੱਚ ਭਾਰਤ ਦਾ ਦੌਰਾ ਕਰਨਗੇ।
ਹਾਲਾਂਕਿ ਫਰਵਰੀ 2025 ਵਿੱਚ ਹੋਈ ਆਖਰੀ ਮੁਲਾਕਾਤ ਤੋਂ ਬਾਅਦ ਦੋਵੇਂ ਨੇਤਾ ਫੋਨ 'ਤੇ ਰਾਬਤੇ ਵਿੱਚ ਹਨ, ਪਰ ਪਿਛਲੇ ਕੁਝ ਸਮੇਂ ਵਿੱਚ ਟਰੰਪ ਵੱਲੋਂ ਭਾਰਤ ਬਾਰੇ ਕੀਤੀਆਂ ਗਈਆਂ ਕੁਝ ਸਖ਼ਤ ਟਿੱਪਣੀਆਂ ਅਤੇ ਪਾਕਿਸਤਾਨ ਪ੍ਰਤੀ ਉਨ੍ਹਾਂ ਦੇ ਰੁਖ ਨੇ ਕੂਟਨੀਤਕ ਹਲਕਿਆਂ ਵਿੱਚ ਤਣਾਅ ਪੈਦਾ ਕੀਤਾ ਸੀ। ਮਾਹਰਾਂ ਅਨੁਸਾਰ, ਰਾਸ਼ਟਰਪਤੀ ਟਰੰਪ 'ਤੇ ਭਾਰਤ ਨਾਲ ਰਣਨੀਤਕ ਸਬੰਧਾਂ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਭਾਰੀ ਦਬਾਅ ਹੈ, ਜਿਸ ਕਾਰਨ ਅਮਰੀਕੀ ਪ੍ਰਸ਼ਾਸਨ ਹੁਣ 'ਸੰਚਾਰ ਪਾੜੇ' ਨੂੰ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਹਾਲ ਹੀ ਵਿੱਚ 17 ਅਪ੍ਰੈਲ ਨੂੰ ਰਾਸ਼ਟਰਪਤੀ ਟਰੰਪ ਨੇ ਆਪਣੇ ਬਿਆਨ ਵਿੱਚ ਨਰਿੰਦਰ ਮੋਦੀ ਦੀ ਰੱਜ ਕੇ ਤਾਰੀਫ਼ ਕੀਤੀ। ਉਨ੍ਹਾਂ ਪੀ.ਐੱਮ. ਮੋਦੀ ਨੂੰ ਆਪਣਾ 'ਸੱਚਾ ਦੋਸਤ' ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਭਾਰਤੀ ਲੀਡਰ ਨਾਲ ਬਹੁਤ ਵਧੀਆ ਅਤੇ ਉਸਾਰੂ ਗੱਲਬਾਤ ਹੋਈ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪੱਛਮੀ ਏਸ਼ੀਆ ਦੀ ਸਥਿਤੀ ਅਤੇ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਵਿਸ਼ਵ ਪੱਧਰ 'ਤੇ ਚਿੰਤਾਵਾਂ ਬਣੀਆ ਹੋਈਆਂ ਹਨ।
ਖੇਤਰੀ ਸੁਰੱਖਿਆ: ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਅਤੇ ਸਮੁੰਦਰੀ ਵਪਾਰਕ ਮਾਰਗਾਂ ਦੀ ਸੁਰੱਖਿਆ।
ਰਣਨੀਤਕ ਭਾਈਵਾਲੀ: ਰੱਖਿਆ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਵਧਾਉਣਾ।
ਜੀ-7 ਸੱਦਾ: ਫਰਾਂਸ ਦੇ ਰਾਸ਼ਟਰਪਤੀ ਨੇ ਵਿਸ਼ੇਸ਼ ਤੌਰ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਸੰਮੇਲਨ ਲਈ ਸੱਦਾ ਭੇਜਿਆ ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਦਿੱਲੀ ਫੇਰੀ ਨੂੰ ਇਸ ਮੁਲਾਕਾਤ ਦਾ 'ਰੋਡਮੈਪ' ਮੰਨਿਆ ਜਾ ਰਿਹਾ ਹੈ। ਜੇਕਰ ਜੂਨ ਵਿੱਚ ਇਹ ਮੁਲਾਕਾਤ ਸਫਲ ਰਹਿੰਦੀ ਹੈ, ਤਾਂ ਇਹ ਨਾ ਸਿਰਫ਼ ਭਾਰਤ-ਅਮਰੀਕਾ ਸਬੰਧਾਂ ਵਿੱਚ ਨਵੀਂ ਜਾਨ ਫੂਕੇਗੀ, ਸਗੋਂ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਵੀ ਇੱਕ ਵੱਡਾ ਸੰਦੇਸ਼ ਸਾਬਤ ਹੋਵੇਗੀ।
Get all latest content delivered to your email a few times a month.