IMG-LOGO
ਹੋਮ ਪੰਜਾਬ: ਪੁਡੂਚੇਰੀ ਦੇ ਉਪ-ਰਾਜਪਾਲ ਕੈਲਾਸ਼ਨਾਥਨ ਵੱਲੋਂ ਸਿੱਖਾਂ ਦੇ ਯੋਗਦਾਨ ਤੇ ਰਾਸ਼ਟਰ...

ਪੁਡੂਚੇਰੀ ਦੇ ਉਪ-ਰਾਜਪਾਲ ਕੈਲਾਸ਼ਨਾਥਨ ਵੱਲੋਂ ਸਿੱਖਾਂ ਦੇ ਯੋਗਦਾਨ ਤੇ ਰਾਸ਼ਟਰ ਨਿਰਮਾਣ ‘ਚ ਭੂਮਿਕਾ ਦੀ ਸਰਾਹਨਾ

Admin User - Apr 20, 2026 05:13 PM
IMG

ਚੰਡੀਗੜ੍ਹ/ਪੁਡੂਚੇਰੀ, 20 ਅਪ੍ਰੈਲ 2026 : ਪੁਡੂਚੇਰੀ ਕੇਂਦਰੀ ਸਾਸ਼ਤ ਪ੍ਰਦੇਸ਼ ਦੇ ਉਪ-ਰਾਜਪਾਲ ਕੇ. ਕੈਲਾਸ਼ਨਾਥਨ ਨੇ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਉੱਥੋਂ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤ ਨਾਲ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਮੌਕੇ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਪੁਡੂਚੇਰੀ, ਚੇਨਈ ਅਤੇ ਨੇੜਲੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੋਏ ਜਿਸ ਨਾਲ ਗਹਿਰੀ ਆਤਮਿਕਤਾ ਅਤੇ ਸਾਂਝੀ ਸਦਭਾਵਨਾ ਦਾ ਧਾਰਮਿਕ ਮਾਹੌਲ ਬਣਿਆ ਹੋਇਆ ਸੀ।

ਸੰਗਤਾਂ ਨੂੰ ਸੰਬੋਧਨ ਕਰਦਿਆਂ ਉਪ-ਰਾਜਪਾਲ ਨੇ ਦੇਸ਼ ਦੀ ਤਰੱਕੀ ਅਤੇ ਵਿਕਾਸ ਵਿੱਚ ਸਿੱਖ ਕੌਮ ਵੱਲੋਂ ਪਾਏ ਮਹੱਤਵਪੂਰਨ ਯੋਗਦਾਨ ਦਾ ਜ਼ਿਕਰ ਕਰਦਿਆਂ ਸਿੱਖਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਿੱਖ ਕੌਮ ਦੀ ਸ਼ਾਨਦਾਰ ਵਿਰਾਸਤ, ਬਲਿਦਾਨਾਂ, ਸੇਵਾ ਭਾਵਨਾ ਅਤੇ ਦੇਸ਼ ਭਲਾਈ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕੀਤਾ। ਸੇਵਾ ਅਤੇ ਲੰਗਰ ਵਰਗੇ ਸਿੱਖ ਸਿਧਾਂਤਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਇਸ ਪ੍ਰਥਾ ਨੂੰ ਨਿਸ਼ਕਾਮ ਸੇਵਾ ਅਤੇ ਸਮਾਜਿਕ ਸਮਾਨਤਾ ਦੀ ਸਦੀਵੀ ਉਦਾਹਰਨ ਦੱਸਿਆ ਜੋ ਸਮਾਜ ਨੂੰ ਲਗਾਤਾਰ ਪ੍ਰੇਰਿਤ ਕਰਦੇ ਹਨ।

ਗੁਰਦੁਆਰਾ ਪ੍ਰਬੰਧਕਾਂ ਨੇ ਉਪ-ਰਾਜਪਾਲ ਦਾ ਤਹਿ-ਦਿਲੋਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਰਿਵਾਇਤੀ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਜਿਸ ਵਿੱਚ ਸ੍ਰੀ ਜਪੁਜੀ ਸਾਹਿਬ ਦਾ ਤਾਮਿਲ ਅਨੁਵਾਦ, ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਪਵਿੱਤਰ ਬਾਣੀ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਮਾਡਲ ਭੇਟ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਿੱਖ ਕੌਮ ਵੱਲੋਂ ਦਿੱਤੇ ਜਾਂਦੇ ਸਨਮਾਨ ਦਾ ਪ੍ਰਤੀਕ ‘ਸਿਰੋਪਾਓ’ ਵੀ ਭੇਟ ਕੀਤਾ ਗਿਆ।

ਸਾਦਗੀ, ਭਰਾਤਰੀਭਾਵ ਅਤੇ ਇੱਕਮਿੱਕਤਾ ਦਾ ਪ੍ਰਗਟਾਵਾ ਕਰਦਿਆਂ ਉਪ-ਰਾਜਪਾਲ ਨੇ ਸੰਗਤ ਦੇ ਨਾਲ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਵੀ ਛਕਿਆ।

ਸਿੱਖ ਸੰਗਤ ਨੇ ਉਪ-ਰਾਜਪਾਲ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਿੱਖ ਭਾਈਚਾਰੇ ਨਾਲ ਉਨ੍ਹਾਂ ਵੱਲੋਂ ਲਗਾਤਾਰ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ।

ਇਸ ਮੌਕੇ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ ਜਿਨ੍ਹਾਂ ਵਿੱਚ ਹਰਸਰਨ ਸਿੰਘ, ਸਕੱਤਰ ਪਾਂਡੀਚੇਰੀ ਗੁਰਦੁਆਰਾ ਸਾਹਿਬ, ਰਾਜਿੰਦਰ ਸਿੰਘ ਭਸੀਨ, ਪ੍ਰਧਾਨ ਗੁਰੂ ਨਾਨਕ ਕਾਲਜ, ਚੇਨਈ, ਸੁਰਜੀਤ ਸਿੰਘ ਮਦਾਨ, ਡਾਇਰੈਕਟਰ, ਯੂਨਾਈਟਿਡ ਸਿੱਖਸ ਤਾਮਿਲਨਾਡੂ, ਜਸਬੀਰ ਸਿੰਘ ਭਸੀਨ, ਮੈਂਬਰ, ਭਾਈ ਮਰਦਾਨਾ ਜੀ ਕੀਰਤਨੀ ਜਥਾ, ਜਸਬੀਰ ਸਿੰਘ ਨਰੂਲਾ, ਜਾਇੰਟ ਸਕੱਤਰ, ਗੁਰਪ੍ਰਤਾਪ ਸਿੰਘ, ਓਂਕਾਰ ਸਿੰਘ ਅਤੇ ਪਰਮਜੀਤ ਸਿੰਘ, ਮੈਂਬਰ, ਸ੍ਰੀ ਗੁਰੂ ਨਾਨਕ ਸਤਸੰਗ ਸਭਾ, ਟੀ. ਨਗਰ, ਚੇਨਈ ਵੀ ਸ਼ਾਮਲ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.