ਤਾਜਾ ਖਬਰਾਂ
ਵਿਸਾਖੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ ਦਿਨ-ਬ-ਦਿਨ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਪਿੰਡ ਹਿੰਮਤਪੁਰਾ ਨੇੜੇ ਬੱਸ ਪਲਟਣ ਕਾਰਨ ਜ਼ਖ਼ਮੀ ਹੋਈ ਪਿੰਡ ਮੈਨ ਮਾਜਰੀ ਦੀ ਇੱਕ ਹੋਰ ਬਜ਼ੁਰਗ ਮਹਿਲਾ ਸ਼ਰਧਾਲੂ ਦੀ ਅੱਜ ਮੌਤ ਹੋ ਗਈ। ਇਸ ਤਾਜ਼ਾ ਮੌਤ ਨਾਲ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਕੁੱਲ ਗਿਣਤੀ ਹੁਣ 9 ਤੱਕ ਪਹੁੰਚ ਗਈ ਹੈ, ਜਿਸ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਪੀ.ਜੀ.ਆਈ. ਤੋਂ ਛੁੱਟੀ ਮਿਲਣ ਮਗਰੋਂ ਵਿਗੜੀ ਤਬੀਅਤ
ਮ੍ਰਿਤਕ ਮਹਿਲਾ ਦੀ ਪਛਾਣ 70 ਸਾਲਾ ਦਲਜੀਤ ਕੌਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਪੀ.ਜੀ.ਆਈ. ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ ਸੀ। ਸਿਹਤ ਵਿੱਚ ਕੁਝ ਸੁਧਾਰ ਹੋਣ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਸੀ, ਪਰ ਬੀਤੀ ਦੇਰ ਰਾਤ ਅਚਾਨਕ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ। ਪਰਿਵਾਰ ਵੱਲੋਂ ਉਨ੍ਹਾਂ ਨੂੰ ਤੁਰੰਤ ਮੁਹਾਲੀ ਦੇ ਫੇਸ-6 ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਅੱਜ ਤੜਕੇ ਆਖ਼ਰੀ ਸਾਹ ਲਿਆ।
ਜ਼ਿਕਰਯੋਗ ਹੈ ਕਿ ਇਹ ਦਰਦਨਾਕ ਹਾਦਸਾ 15 ਅਪ੍ਰੈਲ ਨੂੰ ਉਸ ਸਮੇਂ ਵਾਪਰਿਆ ਸੀ ਜਦੋਂ ਸ਼ਰਧਾਲੂਆਂ ਨਾਲ ਭਰੀ ਬੱਸ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਆ ਰਹੀ ਸੀ। ਪਿੰਡ ਹਿੰਮਤਪੁਰਾ ਦੇ ਮੋੜ 'ਤੇ ਬੱਸ ਬੇਕਾਬੂ ਹੋ ਕੇ ਪਲਟ ਗਈ ਸੀ। ਹਾਦਸੇ ਦੇ ਪਹਿਲੇ ਦਿਨ ਹੀ ਦੋ ਮਹਿਲਾਵਾਂ ਸਮੇਤ 8 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਅਤੇ 25 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ।
ਪਿੰਡ ਮੈਨ ਮਾਜਰੀ ਵਿੱਚ ਇੱਕੋ ਹਾਦਸੇ ਕਾਰਨ ਹੋਈਆਂ ਲਗਾਤਾਰ ਮੌਤਾਂ ਨੇ ਹਰ ਅੱਖ ਨਮ ਕਰ ਦਿੱਤੀ ਹੈ। ਅੱਜ ਜਿਉਂ ਹੀ ਦਲਜੀਤ ਕੌਰ ਦੀ ਮੌਤ ਦੀ ਖ਼ਬਰ ਪਿੰਡ ਪਹੁੰਚੀ ਤਾਂ ਚਾਰੇ ਪਾਸੇ ਮਾਤਮ ਪਸਰ ਗਿਆ।
Get all latest content delivered to your email a few times a month.