ਤਾਜਾ ਖਬਰਾਂ
ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਇੱਕ ਪ੍ਰਵਾਸੀ ਭਾਰਤੀ ਪਰਿਵਾਰ ਲਈ ਗੁਰੂ ਘਰ ਦੇ ਸੇਵਾਦਾਰ ਫਰਿਸ਼ਤਾ ਬਣ ਕੇ ਬਹੁੜੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਰੱਖਿਆ ਦਸਤੇ ਨੇ ਇੱਕ ਵੱਡੀ ਮਿਸਾਲ ਕਾਇਮ ਕਰਦਿਆਂ ਇੱਕ NRI ਸਿੱਖ ਸ਼ਰਧਾਲੂ ਦਾ ਬੈਗ, ਜਿਸ ਵਿੱਚ ਲਗਭਗ 20 ਲੱਖ ਰੁਪਏ ਦੀ ਇੰਗਲੈਂਡ ਦੀ ਕਰੰਸੀ ਅਤੇ ਤਿੰਨ ਅਹਿਮ ਪਾਸਪੋਰਟ ਸਨ, ਪੂਰੀ ਇਮਾਨਦਾਰੀ ਨਾਲ ਵਾਪਸ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਵਿਦੇਸ਼ ਤੋਂ ਆਏ ਸ਼ਰਧਾਲੂ ਸੋਧੀ ਸਿੰਘ ਦਰਸ਼ਨਾਂ ਦੌਰਾਨ ਆਪਣੀ ਫਲਾਈਟ ਦੇ ਫਿਕਰ ਅਤੇ ਜਲਦਬਾਜ਼ੀ ਵਿੱਚ ਆਪਣਾ ਕੀਮਤੀ ਬੈਗ ਕਿਤੇ ਰੱਖ ਕੇ ਭੁੱਲ ਗਏ ਸਨ। ਇਸ ਬੈਗ ਵਿੱਚ ਭਾਰੀ ਨਕਦੀ ਤੋਂ ਇਲਾਵਾ ਦੋ ਅਮਰੀਕੀ ਅਤੇ ਇੱਕ ਭਾਰਤੀ ਪਾਸਪੋਰਟ ਵੀ ਸੀ। ਜਦੋਂ ਪਰਿਵਾਰ ਨੂੰ ਬੈਗ ਗੁੰਮ ਹੋਣ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਤੁਰੰਤ ਪ੍ਰਬੰਧਕਾਂ ਨੂੰ ਸੂਚਿਤ ਕੀਤਾ। ਸ੍ਰੀ ਹਰਮੰਦਰ ਸਾਹਿਬ ਦੀ ਪੰਜ ਮੈਂਬਰੀ ਸੁਰੱਖਿਆ ਟੀਮ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਸਾਮਾਨ ਦੀ ਭਾਲ ਕੀਤੀ ਅਤੇ ਕੁਝ ਹੀ ਸਮੇਂ ਵਿੱਚ ਬੈਗ ਬਰਾਮਦ ਕਰਕੇ ਅਸਲ ਮਾਲਕਾਂ ਦੇ ਹਵਾਲੇ ਕਰ ਦਿੱਤਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਨ੍ਹਾਂ ਸੇਵਾਦਾਰਾਂ ਦੀ ਪਿੱਠ ਥਾਪੜਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਸੰਗਤ ਦਾ ਵਿਸ਼ਵਾਸ ਗੁਰੂ ਘਰ ਦੀ ਮਰਯਾਦਾ ਅਤੇ ਸੇਵਾਦਾਰਾਂ 'ਤੇ ਹੋਰ ਪੱਕਾ ਹੁੰਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਬਾਕੀ ਮੁਲਾਜ਼ਮ ਵੀ ਇਸੇ ਤਰ੍ਹਾਂ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ।
ਵਧਦੀ ਗਰਮੀ ਅਤੇ ਸ਼ਰਧਾਲੂਆਂ ਦੀ ਭਾਰੀ ਆਮਦ ਨੂੰ ਦੇਖਦੇ ਹੋਏ ਪ੍ਰਧਾਨ ਧਾਮੀ ਨੇ ਪ੍ਰਬੰਧਾਂ ਵਿੱਚ ਵੱਡੀ ਤਬਦੀਲੀ ਦੇ ਹੁਕਮ ਦਿੱਤੇ ਹਨ:
ਛੋਟੇ ਬੱਚਿਆਂ ਵਾਲੀਆਂ ਮਾਵਾਂ, ਬਜ਼ੁਰਗਾਂ ਅਤੇ ਦਿਵਿਆਂਗਾਂ (ਅਪਾਹਜਾਂ) ਲਈ ਦਰਸ਼ਨਾਂ ਵਾਸਤੇ ਅਲੱਗ ਲਾਈਨ ਬਣਾਈ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਲੰਬਾ ਇੰਤਜ਼ਾਰ ਨਾ ਕਰਨਾ ਪਵੇ।
SGPC ਨੇ ਅਪੀਲ ਕੀਤੀ ਹੈ ਕਿ ਪਰਿਵਾਰ ਦੇ ਬਾਕੀ ਮੈਂਬਰ ਆਮ ਕਤਾਰ ਰਾਹੀਂ ਜਾਣ, ਜਦਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਰਾਹਤ ਵਾਲੀ ਲਾਈਨ ਰਾਹੀਂ ਭੇਜਿਆ ਜਾਵੇ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸਾਡਾ ਮੁੱਖ ਉਦੇਸ਼ ਇਹੀ ਹੈ ਕਿ ਦੂਰ-ਦੂਰ ਤੋਂ ਆਉਣ ਵਾਲੀ ਸੰਗਤ ਸੁਰੱਖਿਅਤ ਅਤੇ ਸੁਖਾਲੇ ਢੰਗ ਨਾਲ ਨਤਮਸਤਕ ਹੋ ਸਕੇ। ਸੇਵਾਦਾਰਾਂ ਦੀ ਇਸ ਇਮਾਨਦਾਰੀ ਨੇ ਅੱਜ ਸਿੱਖ ਸੰਸਥਾ ਦਾ ਮਾਣ ਵਧਾਇਆ ਹੈ।
Get all latest content delivered to your email a few times a month.