IMG-LOGO
ਹੋਮ ਪੰਜਾਬ: ਕਣਕ ਦੀ ਖ਼ਰੀਦ 'ਚ ਦੇਰੀ ਕਾਰਨ ਮੰਡੀਆਂ 'ਚ ਕਿਸਾਨ ਰੁਲਣ...

ਕਣਕ ਦੀ ਖ਼ਰੀਦ 'ਚ ਦੇਰੀ ਕਾਰਨ ਮੰਡੀਆਂ 'ਚ ਕਿਸਾਨ ਰੁਲਣ ਲਈ ਮਜਬੂਰ, ਕੇਂਦਰੀ ਰਾਹਤ ਦੀ ਉਡੀਕ

Admin User - Apr 15, 2026 12:51 PM
IMG

ਪੰਜਾਬ ਵਿੱਚ ਕਣਕ ਦੀ ਕਟਾਈ ਦਾ ਸੀਜ਼ਨ ਪੂਰੇ ਜ਼ੋਰਾਂ 'ਤੇ ਹੈ, ਪਰ ਸਰਕਾਰੀ ਖ਼ਰੀਦ ਦੇ ਸਖ਼ਤ ਮਾਪਦੰਡਾਂ ਅਤੇ ਕੁਦਰਤ ਦੀ ਮਾਰ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬੇਮੌਸਮੀ ਮੀਂਹ, ਝੱਖੜ ਅਤੇ ਗੜ੍ਹੇਮਾਰੀ ਕਾਰਨ ਫ਼ਸਲ ਦੇ ਹੋਏ ਨੁਕਸਾਨ ਤੋਂ ਬਾਅਦ ਹੁਣ ਮੰਡੀਆਂ ਵਿੱਚ ਨਮੀਂ ਅਤੇ ਦਾਣਾ ਖਰਾਬ ਹੋਣ ਦੇ ਬਹਾਨੇ ਕਿਸਾਨਾਂ ਦੀ ਫ਼ਸਲ ਨਹੀਂ ਚੁੱਕੀ ਜਾ ਰਹੀ।


ਸੂਬੇ ਵਿੱਚ 13 ਅਪ੍ਰੈਲ ਤੱਕ ਦੇ ਅੰਕੜਿਆਂ ਅਨੁਸਾਰ ਮੰਡੀਆਂ ਵਿੱਚ ਤਕਰੀਬਨ 2.33 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਪਰ ਖ਼ਰੀਦ ਅਧਿਕਾਰੀਆਂ ਦੀ ਸਖ਼ਤੀ ਕਾਰਨ ਹੁਣ ਤੱਕ ਸਿਰਫ਼ 34 ਹਜ਼ਾਰ ਮੀਟ੍ਰਿਕ ਟਨ ਦੇ ਕਰੀਬ ਹੀ ਫ਼ਸਲ ਖ਼ਰੀਦੀ ਗਈ ਹੈ।


ਪੰਜਾਬ ਸਰਕਾਰ ਨੇ ਇਸ ਵਾਰ 122 ਲੱਖ ਮੀਟ੍ਰਿਕ ਟਨ ਖ਼ਰੀਦ ਦਾ ਟੀਚਾ ਮਿੱਥਿਆ ਹੈ।


ਦਾਣਾ ਸੁੰਗੜਨ, ਕਾਲਾ ਪੈਣ ਅਤੇ ਨਮੀਂ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਅਧਿਕਾਰੀ ਫ਼ਸਲ ਚੁੱਕਣ ਤੋਂ ਗੁਰੇਜ਼ ਕਰ ਰਹੇ ਹਨ।


ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਵਿਖੇ ਕੇਂਦਰੀ ਖ਼ੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਕੇਂਦਰ ਨੂੰ ਖ਼ਰੀਦ ਨਿਯਮਾਂ ਵਿੱਚ ਢਿੱਲ ਦੇਣ ਅਤੇ ਆੜ੍ਹਤੀਆਂ ਦੀਆਂ ਮੰਗਾਂ ਨੂੰ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ ਹੈ।


ਮੁੱਖ ਮੰਤਰੀ ਦੇ ਦਖ਼ਲ ਤੋਂ ਬਾਅਦ ਕੇਂਦਰ ਨੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਫ਼ਸਲ ਦਾ ਜਾਇਜ਼ਾ ਲੈਣ ਲਈ ਟੀਮ ਭੇਜੀ ਹੈ। ਇਸ ਟੀਮ ਨੇ ਵੱਖ-ਵੱਖ ਮੰਡੀਆਂ ਤੋਂ ਸੈਂਪਲ ਲਏ ਹਨ, ਜਿਸ ਦੀ ਰਿਪੋਰਟ ਦੇ ਆਧਾਰ 'ਤੇ ਆਉਣ ਵਾਲੇ ਦਿਨਾਂ ਵਿੱਚ ਨਿਯਮਾਂ 'ਚ ਢਿੱਲ ਮਿਲਣ ਦੀ ਉਮੀਦ ਹੈ।


ਸਰਕਾਰੀ ਭਰੋਸਿਆਂ ਦੇ ਬਾਵਜੂਦ ਜ਼ਮੀਨੀ ਪੱਧਰ 'ਤੇ ਕਿਸਾਨਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਪੰਜਾਬ ਵਿੱਚ ਪਹਿਲਾਂ ਹੀ ਗੜ੍ਹੇਮਾਰੀ ਕਾਰਨ ਲਗਭਗ 1.30 ਲੱਖ ਏਕੜ ਫ਼ਸਲ ਨੁਕਸਾਨੀ ਜਾ ਚੁੱਕੀ ਹੈ। ਹੁਣ ਜੋ ਫ਼ਸਲ ਬਚੀ ਹੈ, ਉਸ ਨੂੰ ਵੇਚਣ ਲਈ ਕਿਸਾਨਾਂ ਨੂੰ ਮੰਡੀਆਂ ਵਿੱਚ ਕਈ-ਕਈ ਰਾਤਾਂ ਜਾਗ ਕੇ ਕੱਟਣੀਆਂ ਪੈ ਰਹੀਆਂ ਹਨ।


ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਖ਼ਰੀਦ ਨਿਯਮਾਂ ਵਿੱਚ ਢਿੱਲ ਦੇ ਕੇ ਫ਼ਸਲ ਦੀ ਚੁਕਾਈ ਤੇਜ਼ ਨਾ ਕੀਤੀ ਗਈ, ਤਾਂ ਉਹ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ। ਫਿਲਹਾਲ, ਕਿਸਾਨਾਂ ਦੀਆਂ ਨਜ਼ਰਾਂ ਕੇਂਦਰੀ ਟੀਮ ਦੀ ਰਿਪੋਰਟ ਅਤੇ ਸਰਕਾਰ ਦੇ ਅਗਲੇ ਫੈਸਲੇ 'ਤੇ ਟਿਕੀਆਂ ਹੋਈਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.