ਤਾਜਾ ਖਬਰਾਂ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਹਿਮ ਪ੍ਰੈੱਸ ਕਾਨਫਰੰਸ ਕਰਦਿਆਂ ਸਰਕਾਰ ਦੇ ਨਵੇਂ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਰਕਾਰ ਨੇ ਪੰਚਾਇਤੀ ਰਾਜ ਨਿਯਮਾਂ ਵਿੱਚ ਸੋਧ ਕਰਨ ਅਤੇ ਹੜ੍ਹ ਰੋਕੂ ਉਪਾਵਾਂ ਲਈ ਕਿਸਾਨਾਂ ਨੂੰ ਖ਼ੁਦ ਸਫ਼ਾਈ ਕਰਨ ਦੇ ਅਧਿਕਾਰ ਦੇਣ ਦਾ ਵੱਡਾ ਫੈਸਲਾ ਲਿਆ ਹੈ।
ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਪੰਚਾਇਤੀ ਰਾਜ ਐਕਟ 1994 ਤਹਿਤ ਗ੍ਰਾਮ ਪੰਚਾਇਤ ਨਿਯਮਾਂ ਵਿੱਚ ਸੋਧ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ:
ਸੂਬੇ ਦੇ 6 ਜ਼ਿਲ੍ਹਿਆਂ (ਪਟਿਆਲਾ, ਮੋਹਾਲੀ, ਫਾਜ਼ਿਲਕਾ, ਫਿਰੋਜ਼ਪੁਰ, ਸੰਗਰੂਰ ਅਤੇ ਮਲੇਰਕੋਟਲਾ) ਦੇ ਪ੍ਰਬੰਧਕੀ ਖੇਤਰਾਂ ਵਿੱਚ ਤਬਦੀਲੀ ਕੀਤੀ ਗਈ ਹੈ।
ਜੇਕਰ ਕਿਸੇ ਬਲਾਕ ਜਾਂ ਪੰਚਾਇਤ ਦੇ ਖੇਤਰ ਵਿੱਚ 10% ਤੋਂ ਵੱਧ ਬਦਲਾਅ ਹੁੰਦਾ ਹੈ, ਤਾਂ ਉੱਥੇ ਰਿਜ਼ਰਵੇਸ਼ਨ ਰੋਸਟਰ ਨੂੰ ਦੁਬਾਰਾ ਨਿਰਧਾਰਿਤ ਕੀਤਾ ਜਾਵੇਗਾ।
ਜਨਤਾ ਨੂੰ ਇਸ ਨਿਯਮ 'ਤੇ ਇਤਰਾਜ਼ ਦਰਜ ਕਰਵਾਉਣ ਲਈ 10 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।
ਪਿਛਲੇ ਸਾਲ ਆਏ ਹੜ੍ਹਾਂ ਤੋਂ ਸਬਕ ਲੈਂਦਿਆਂ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਫੈਸਲਾ ਲਿਆ ਹੈ। ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਰਾਹਤ ਫੰਡ ਦੇਣ ਵਿੱਚ ਸਿਰਫ਼ ਬਹਾਨੇਬਾਜ਼ੀ ਕੀਤੀ ਹੈ। ਹੁਣ ਹਰਸ਼ਬੇਲਾ (ਨਵਾਂਸ਼ਹਿਰ), ਮੰਡੇਲਾ, ਤਾਜੋਵਾਲ ਅਤੇ ਫਿਰੋਜ਼ਪੁਰ ਦੇ 'ਬੜਾ ਕੈਲੀ ਰੋ' ਵਰਗੇ ਖੇਤਰਾਂ ਵਿੱਚ ਜਿੱਥੇ ਸਤਲੁਜ ਦਰਿਆ ਵਗਦਾ ਹੈ, ਉੱਥੇ ਜ਼ਮੀਨ ਦੇ ਮਾਲਕ ਕਿਸਾਨ ਮਨਜ਼ੂਰੀ ਲੈ ਕੇ ਖ਼ੁਦ ਦਰਿਆਈ ਰੇਤ/ਮਿੱਟੀ ਦੀ ਸਫ਼ਾਈ (Desilting) ਕਰ ਸਕਣਗੇ।
ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ 'ਤੇ ਈਡੀ ਦੀ ਛਾਪੇਮਾਰੀ ਬਾਰੇ ਬੋਲਦਿਆਂ ਚੀਮਾ ਨੇ ਭਾਜਪਾ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਭਾਜਪਾ ਪਹਿਲਾਂ ਏਜੰਸੀਆਂ ਰਾਹੀਂ ਡਰਾਉਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਰਵਨੀਤ ਬਿੱਟੂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਿੱਟੂ ਨੇ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰ ਕੇ ਭਾਜਪਾ ਦਾ ਪੱਲਾ ਫੜਿਆ ਹੈ।
ਵਿੱਤ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ 'ਬੇਅਦਬੀ ਬਿੱਲ' ਹੁਣ ਰਾਜਪਾਲ ਕੋਲ ਦਸਤਖ਼ਤਾਂ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਰਾਜਪਾਲ ਇਸ ਨੂੰ ਜਲਦੀ ਮਨਜ਼ੂਰੀ ਦੇ ਦੇਣਗੇ ਤਾਂ ਜੋ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਚਰਨਜੀਤ ਚੰਨੀ ਮਾਮਲੇ 'ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਨੇ ਵੀ ਗਲਤੀ ਕੀਤੀ ਹੈ, ਉਸ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।
Get all latest content delivered to your email a few times a month.