ਤਾਜਾ ਖਬਰਾਂ
ਸ੍ਰੀ ਅੰਮ੍ਰਿਤਸਰ, 13 ਅਪ੍ਰੈਲ 2026— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਿਆਂਦੇ ਗਏ ਬਿੱਲ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਮਸਲਾ ਸਿੱਖ ਕੌਮ ਲਈ ਬਹੁਤ ਸੰਵੇਦਨਸ਼ੀਲ ਹੈ ਅਤੇ ਲੰਮੇ ਸਮੇਂ ਤੋਂ ਕੌਮ ਇਸ ਸੰਬੰਧੀ ਸਖ਼ਤ ਤੇ ਨਿਰਣਾਇਕ ਕਾਨੂੰਨ ਦੀ ਮੰਗ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਨਾ ਇਕ ਸਕਾਰਾਤਮਕ ਕਦਮ ਹੈ, ਪਰ ਇਸ ਦੀ ਅਸਲੀ ਮਹੱਤਤਾ ਉਸ ਵੇਲੇ ਸਾਬਤ ਹੋਵੇਗੀ ਜਦੋਂ ਇਸ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇਗਾ ਅਤੇ ਲੋੜੀਂਦੀਆਂ ਪ੍ਰਵਾਨਗੀਆਂ ਹਾਸਲ ਕੀਤੀਆਂ ਜਾਣਗੀਆਂ। ਧਾਮੀ ਨੇ ਜ਼ੋਰ ਦਿੱਤਾ ਕਿ ਕੌਮੀ ਮਸਲਿਆਂ ਵਿੱਚ ਰਾਜਨੀਤੀ ਦੀ ਥਾਂ ਕੌਮੀ ਭਾਵਨਾਵਾਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ।
ਉਨ੍ਹਾਂ ਇਹ ਵੀ ਦਰਸਾਇਆ ਕਿ ਇਸ ਤਰ੍ਹਾਂ ਦੇ ਬਿੱਲ ਪਹਿਲਾਂ ਵੀ ਦੋ ਵਾਰ ਪਾਸ ਹੋ ਚੁੱਕੇ ਹਨ, ਪਰ ਅਮਲੀ ਜਾਮਾ ਨਾ ਪਹਿਨ ਸਕਣ ਕਰਕੇ ਉਹਨਾਂ ਦਾ ਕੋਈ ਢੰਗ ਦਾ ਨਤੀਜਾ ਸਾਹਮਣੇ ਨਹੀਂ ਆਇਆ। ਨਾਲ ਹੀ, ਉਨ੍ਹਾਂ ਸਰਕਾਰ ਨੂੰ ਸੋਸ਼ਲ ਮੀਡੀਆ ’ਤੇ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਖ਼ਾਸ ਤੌਰ ’ਤੇ ਏਆਈ ਤਕਨੀਕ ਰਾਹੀਂ ਤਿਆਰ ਕੀਤੀਆਂ ਜਾ ਰਹੀਆਂ ਅਪਮਾਨਜਨਕ ਵੀਡੀਓਜ਼ ਬਾਰੇ ਚੇਤਾਇਆ। ਧਾਮੀ ਮੁਤਾਬਕ ਹਾਲ ਹੀ ਵਿੱਚ ਇੱਕ ਐਸੀ ਫ਼ਰਜ਼ੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਿਖਾਈ ਗਈ, ਜਿਸ ਨੂੰ SGPC ਨੇ ਕਈ ਪਲੇਟਫਾਰਮਾਂ ਤੋਂ ਹਟਵਾਇਆ, ਪਰ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਢਿੱਲੀ ਕਾਰਵਾਈ ਨਜ਼ਰ ਆਈ।
ਉਨ੍ਹਾਂ ਆਖਿਆ ਕਿ ਬੇਅਦਬੀ ਦੀ ਪਰਿਭਾਸ਼ਾ ਨੂੰ ਵਿਆਪਕ ਤੌਰ ’ਤੇ ਸਮਝਣ ਦੀ ਲੋੜ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਵਿੱਚ ਤੁਰੰਤ ਤੇ ਸਖ਼ਤ ਕਦਮ ਚੁੱਕ ਕੇ ਧਾਰਮਿਕ ਭਾਵਨਾਵਾਂ ਦੀ ਰੱਖਿਆ ਯਕੀਨੀ ਬਣਾਵੇ।
Get all latest content delivered to your email a few times a month.