ਤਾਜਾ ਖਬਰਾਂ
ਈਰਾਨ ਅਤੇ ਅਮਰੀਕਾ ਵਿਚਾਲੇ ਜੰਗਬੰਦੀ ਦੀਆਂ ਕੋਸ਼ਿਸ਼ਾਂ ਦਰਮਿਆਨ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ ਇੱਕ ਉੱਚ ਪੱਧਰੀ ਵਫ਼ਦ ਸਮੇਤ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਹੁੰਚ ਗਏ ਹਨ। ਪਰ ਇਸ ਕੂਟਨੀਤਕ ਯਾਤਰਾ ਤੋਂ ਜ਼ਿਆਦਾ ਚਰਚਾ ਉਨ੍ਹਾਂ ਤਸਵੀਰਾਂ ਦੀ ਹੋ ਰਹੀ ਹੈ, ਜੋ ਗਾਲਿਬਾਫ ਨੇ ਆਪਣੀ ਉਡਾਣ ਦੌਰਾਨ ਸਾਂਝੀਆਂ ਕੀਤੀਆਂ। ਇਹ ਤਸਵੀਰਾਂ ਗੱਲਬਾਤ ਦੀ ਮੇਜ਼ 'ਤੇ ਈਰਾਨ ਦੇ ਸਖ਼ਤ ਤੇਵਰਾਂ ਅਤੇ ਅਤੀਤ ਦੇ ਜ਼ਖ਼ਮਾਂ ਦੀ ਗਵਾਹੀ ਦੇ ਰਹੀਆਂ ਹਨ।
ਸਪੀਕਰ ਗਾਲਿਬਾਫ ਨੇ ਸੋਸ਼ਲ ਮੀਡੀਆ 'ਤੇ ਜਹਾਜ਼ ਦੇ ਅੰਦਰ ਦੀ ਇੱਕ ਬੇਹੱਦ ਭਾਵੁਕ ਤਸਵੀਰ ਸਾਂਝੀ ਕੀਤੀ ਹੈ। ਫਲਾਈਟ ਦੀਆਂ ਸੀਟਾਂ 'ਤੇ ਮੁਸਾਫ਼ਰਾਂ ਦੀ ਜਗ੍ਹਾ 28 ਫਰਵਰੀ ਨੂੰ ਮਿਨਾਬ ਸ਼ਹਿਰ ਦੇ ਸਕੂਲ 'ਤੇ ਹੋਏ ਹਮਲੇ ਵਿੱਚ ਮਾਰੀਆਂ ਗਈਆਂ 160 ਤੋਂ ਵੱਧ ਮਾਸੂਮ ਬੱਚੀਆਂ ਦੇ ਸਕੂਲ ਬੈਗ, ਜੁੱਤੇ ਅਤੇ ਫੁੱਲ ਰੱਖੇ ਹੋਏ ਸਨ। ਖੂਨ ਨਾਲ ਲਿਬੜੇ ਇਹ ਬਸਤੇ ਅਤੇ ਜੁੱਤੀਆਂ ਉਸ ਦਰਦਨਾਕ ਹਮਲੇ ਦੀ ਯਾਦ ਦਿਵਾਉਂਦੇ ਹਨ, ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਗਾਲਿਬਾਫ ਨੇ ਇਨ੍ਹਾਂ ਨੂੰ "ਮੇਰੇ ਇਸ ਯਾਤਰਾ ਦੇ ਸਾਥੀ" ਦੱਸਦਿਆਂ ਇਹ ਸੰਕੇਤ ਦਿੱਤਾ ਹੈ ਕਿ ਈਰਾਨ ਗੱਲਬਾਤ ਦੀ ਮੇਜ਼ 'ਤੇ ਇਨ੍ਹਾਂ ਮਾਸੂਮਾਂ ਦੀ ਸ਼ਹਾਦਤ ਨੂੰ ਭੁੱਲੇਗਾ ਨਹੀਂ।
ਇਸਲਾਮਾਬਾਦ ਪਹੁੰਚਦਿਆਂ ਹੀ ਈਰਾਨੀ ਸਪੀਕਰ ਨੇ ਆਪਣੇ ਇਰਾਦੇ ਸਾਫ਼ ਕਰ ਦਿੱਤੇ। ਉਨ੍ਹਾਂ ਕਿਹਾ ਕਿ ਹਾਲਾਂਕਿ ਈਰਾਨ ਜੰਗ ਖਤਮ ਕਰਨ ਲਈ ਇਮਾਨਦਾਰੀ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ, ਪਰ ਅਮਰੀਕਾ 'ਤੇ ਭਰੋਸਾ ਕਰਨਾ ਮੁਸ਼ਕਿਲ ਹੈ। ਉਨ੍ਹਾਂ ਤਰਕ ਦਿੱਤਾ ਕਿ ਜਦੋਂ ਗੱਲਬਾਤ ਦੀ ਪ੍ਰਕਿਰਿਆ ਚੱਲ ਰਹੀ ਸੀ, ਉਦੋਂ ਹੀ ਈਰਾਨ 'ਤੇ ਦੋ ਵਾਰ ਹਮਲੇ ਕੀਤੇ ਗਏ। ਈਰਾਨੀ ਪੱਖ ਦਾ ਮੰਨਣਾ ਹੈ ਕਿ ਰਸਮੀ ਗੱਲਬਾਤ ਤਾਂ ਹੀ ਅੱਗੇ ਵਧੇਗੀ ਜੇਕਰ ਅਮਰੀਕਾ ਉਨ੍ਹਾਂ ਦੀਆਂ ਪੂਰਵ-ਸ਼ਰਤਾਂ ਮੰਨਦਾ ਹੈ ਅਤੇ ਪੁਰਾਣੇ ਵਾਅਦਿਆਂ ਨੂੰ ਪੂਰਾ ਕਰਦਾ ਹੈ।
ਇਸ ਮਹੱਤਵਪੂਰਨ ਮਿਸ਼ਨ 'ਤੇ ਗਾਲਿਬਾਫ ਦੇ ਨਾਲ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਅਤੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਪ੍ਰਤੀਨਿਧੀ ਅਲੀ ਅਕਬਰ ਅਹਿਮਦੀਨ ਸਮੇਤ ਸੁਰੱਖਿਆ, ਫੌਜੀ ਅਤੇ ਆਰਥਿਕ ਮਾਮਲਿਆਂ ਦੇ ਵੱਡੇ ਮਾਹਰ ਸ਼ਾਮਲ ਹਨ। ਏਨੀ ਉੱਚ ਪੱਧਰੀ ਭਾਗੀਦਾਰੀ ਦਰਸਾਉਂਦੀ ਹੈ ਕਿ ਈਰਾਨ ਇਸਲਾਮਾਬਾਦ ਵਿੱਚ ਹੋਣ ਵਾਲੀ ਇਸ ਚਰਚਾ ਨੂੰ ਫੈਸਲਾਕੁੰਨ ਮੰਨ ਰਿਹਾ ਹੈ।
ਕੂਟਨੀਤਕ ਮਾਹਿਰਾਂ ਅਨੁਸਾਰ, ਜਹਾਜ਼ ਵਿੱਚ ਬੱਚਿਆਂ ਦੇ ਖੂਨ ਨਾਲ ਰੰਗੇ ਬੈਗ ਲੈ ਕੇ ਜਾਣਾ ਇੱਕ ਵੱਡਾ ਮਨੋਵਿਗਿਆਨਕ ਸੁਨੇਹਾ ਹੈ। ਈਰਾਨ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਦਬਾਅ ਵਿੱਚ ਨਹੀਂ, ਸਗੋਂ ਆਪਣੇ ਨੁਕਸਾਨ ਦਾ ਹਿਸਾਬ ਲੈਣ ਲਈ ਗੱਲਬਾਤ ਕਰ ਰਿਹਾ ਹੈ। ਕੀ ਇਸਲਾਮਾਬਾਦ ਦੀ ਇਹ ਬੈਠਕ ਖਿੱਤੇ ਵਿੱਚ ਸ਼ਾਂਤੀ ਲਿਆ ਸਕੇਗੀ ਜਾਂ ਫਿਰ ਅਤੀਤ ਦੀਆਂ ਕੜਵਾਹਟਾਂ ਇੱਕ ਵਾਰ ਫਿਰ ਗੱਲਬਾਤ 'ਤੇ ਭਾਰੀ ਪੈਣਗੀਆਂ? ਪੂਰੀ ਦੁਨੀਆ ਦੀਆਂ ਨਜ਼ਰਾਂ ਹੁਣ ਅਗਲੇ ਕੁਝ ਦਿਨਾਂ ਦੀਆਂ ਸਰਗਰਮੀਆਂ 'ਤੇ ਹਨ।
Get all latest content delivered to your email a few times a month.