IMG-LOGO
ਹੋਮ ਪੰਜਾਬ: ਨਸ਼ੇ ਨੇ ਉਜਾੜਿਆ ਹੱਸਦਾ-ਵਸਦਾ ਪਰਿਵਾਰ: ਚਾਰ ਪੁੱਤਰਾਂ ਤੋਂ ਬਾਅਦ ਹੁਣ...

ਨਸ਼ੇ ਨੇ ਉਜਾੜਿਆ ਹੱਸਦਾ-ਵਸਦਾ ਪਰਿਵਾਰ: ਚਾਰ ਪੁੱਤਰਾਂ ਤੋਂ ਬਾਅਦ ਹੁਣ ਪੰਜਵੇਂ ਦੀ ਵੀ ਮੌਤ, ਸੁਲਤਾਨਪੁਰ ਲੋਧੀ 'ਚ ਸੋਗ ਦੀ ਲਹਿਰ

Admin User - Apr 08, 2026 12:41 PM
IMG

ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਨੇ ਇੱਕ ਹੋਰ ਘਰ ਦੇ ਚਿਰਾਗ ਬੁਝਾ ਦਿੱਤੇ ਹਨ। ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ਵਿੱਚ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕੋ ਪਰਿਵਾਰ ਦੇ ਪੰਜ ਪੁੱਤਰਾਂ ਦੀ ਵਾਰੀ-ਵਾਰੀ ਮੌਤ ਹੋ ਗਈ। ਪਰਿਵਾਰ ਦੇ ਆਖਰੀ ਸਹਾਰੇ, ਸੋਨੂ ਦੀ ਵੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ, ਜਿਸ ਨਾਲ ਪੀੜਤ ਮਾਂ ਮਨਜੀਤ ਕੌਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।


ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮਨਜੀਤ ਕੌਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਉਹ ਆਪਣੇ ਆਖਰੀ ਜਿਉਂਦੇ ਪੁੱਤਰ ਸੋਨੂ ਦੀ ਮਾੜੀ ਹਾਲਤ ਦਿਖਾਉਂਦੇ ਹੋਏ ਪ੍ਰਸ਼ਾਸਨ ਅੱਗੇ ਮਦਦ ਦੀ ਗੁਹਾਰ ਲਗਾ ਰਹੀ ਸੀ। ਵੀਡੀਓ ਦਾ ਨੋਟਿਸ ਲੈਂਦਿਆਂ ਸਿਹਤ ਵਿਭਾਗ ਨੇ ਤੁਰੰਤ ਕਾਰਵਾਈ ਕੀਤੀ ਅਤੇ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ, ਪਰ ਬਹੁਤ ਦੇਰ ਹੋ ਚੁੱਕੀ ਸੀ।


ਸਿਵਲ ਸਰਜਨ ਡਾਕਟਰ ਸੰਜੀਵ ਭਗਤ ਨੇ ਦੱਸਿਆ ਕਿ ਸੋਨੂ ਦਾ ਇਲਾਜ ਗੁਰੂ ਨਾਨਕ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਚੱਲ ਰਿਹਾ ਸੀ। ਮੈਡੀਕਲ ਜਾਂਚ ਦੌਰਾਨ ਸਾਹਮਣੇ ਆਇਆ ਕਿ ਨੌਜਵਾਨ ਕਈ ਗੰਭੀਰ ਬਿਮਾਰੀਆਂ ਨਾਲ ਜੂਝ ਰਿਹਾ ਸੀ। ਉਹ ਐਚਆਈਵੀ (HIV) ਅਤੇ ਕਾਲੇ ਪੀਲੀਏ ਤੋਂ ਪੀੜਤ ਸੀ। ਇਸ ਤੋਂ ਇਲਾਵਾ ਉਸ ਦੀ ਛਾਤੀ ਵਿੱਚ ਭਿਆਨਕ ਇਨਫੈਕਸ਼ਨ ਸੀ ਅਤੇ ਫੇਫੜਿਆਂ ਵਿੱਚ ਪਾਣੀ ਭਰ ਗਿਆ ਸੀ। ਡਾਕਟਰਾਂ ਮੁਤਾਬਕ, ਇਲਾਜ ਦੌਰਾਨ ਦੁਪਹਿਰ ਕਰੀਬ 3 ਵਜੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।


ਪਰਿਵਾਰਕ ਮੈਂਬਰਾਂ ਅਤੇ ਮਾਂ ਮਨਜੀਤ ਕੌਰ ਦੇ ਬਿਆਨਾਂ ਅਨੁਸਾਰ, ਨਸ਼ਿਆਂ ਦੀ ਭੇਟ ਚੜ੍ਹ ਕੇ ਚਾਰ ਪੁੱਤਰ ਪਹਿਲਾਂ ਹੀ ਦੁਨੀਆ ਛੱਡ ਚੁੱਕੇ ਸਨ। ਸੋਨੂ ਘਰ ਦਾ ਪੰਜਵਾਂ ਅਤੇ ਆਖਰੀ ਪੁੱਤਰ ਸੀ, ਜਿਸ ਤੋਂ ਪਰਿਵਾਰ ਨੂੰ ਕੁਝ ਉਮੀਦ ਸੀ। ਪਰ ਹੁਣ ਉਸ ਦੀ ਮੌਤ ਨਾਲ ਇਹ ਘਰ ਪੂਰੀ ਤਰ੍ਹਾਂ ਬੇਚਿਰਾਗ ਹੋ ਗਿਆ ਹੈ।


ਇਸ ਘਟਨਾ ਨੇ ਇੱਕ ਵਾਰ ਫਿਰ ਸੂਬੇ ਵਿੱਚ ਨਸ਼ਿਆਂ ਦੇ ਫੈਲਾਅ ਅਤੇ ਇਸ ਦੇ ਮਾਰੂ ਪ੍ਰਭਾਵਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਲਾਕਾ ਨਿਵਾਸੀਆਂ ਵਿੱਚ ਇਸ ਦੁਖਾਂਤ ਨੂੰ ਲੈ ਕੇ ਭਾਰੀ ਰੋਸ ਅਤੇ ਸੋਗ ਪਾਇਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.