ਤਾਜਾ ਖਬਰਾਂ
ਮਸ਼ਹੂਰ ਬੌਲੀਵੁੱਡ ਰੈਪਰ ਅਤੇ ਸਿੰਗਰ ਬਾਦਸ਼ਾਹ ਨੇ ਆਪਣੇ ਹਾਲੀਆ ਰਿਲੀਜ਼ ਹੋਏ ਗੀਤ ‘ਟਟੀਰੀ’ (Tetiri) ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਰਾਸ਼ਟਰੀ ਮਹਿਲਾ ਕਮਿਸ਼ਨ (NCW) ਸਾਹਮਣੇ ਪੇਸ਼ ਹੋ ਕੇ ਲਿਖਤੀ ਮੁਆਫ਼ੀ ਮੰਗ ਲਈ ਹੈ। ਕਮਿਸ਼ਨ ਦੀ ਪ੍ਰਧਾਨ ਵਿਜਯਾ ਰਹਾਟਕਰ ਦੀ ਅਗਵਾਈ ਹੇਠ ਹੋਈ ਸੁਣਵਾਈ ਦੌਰਾਨ ਬਾਦਸ਼ਾਹ ਦੇ ਨਾਲ ਨਿਰਦੇਸ਼ਕ ਜੋਬਨ ਸੰਧੂ ਅਤੇ ਨਿਰਮਾਤਾ ਹਿਤੇਨ ਵੀ ਹਾਜ਼ਰ ਸਨ। ਕਮਿਸ਼ਨ ਨੇ ਗੀਤ ਦੇ ਬੋਲਾਂ ਅਤੇ ਵੀਡੀਓ ਫ਼ਿਲਮਾਂਕਣ ਨੂੰ ਔਰਤਾਂ ਦੀ ਗਰਿਮਾ ਦੇ ਖ਼ਿਲਾਫ਼ ਦੱਸਦਿਆਂ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਸੁਣਵਾਈ ਦੌਰਾਨ ਬਾਦਸ਼ਾਹ ਨੇ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਕਰਨਗੇ ਜਿਸ ਨਾਲ ਔਰਤਾਂ ਦੇ ਮਾਣ-ਸਤਿਕਾਰ ਨੂੰ ਠੇਸ ਪਹੁੰਚੇ। ਆਪਣੀ ਗਲਤੀ ਦੇ ਪਛਤਾਵੇ ਵਜੋਂ ਉਨ੍ਹਾਂ ਨੇ ਤਿੰਨ ਅਹਿਮ ਵਾਅਦੇ ਕੀਤੇ ਹਨ:
ਸਿੱਖਿਆ ਵਿੱਚ ਯੋਗਦਾਨ: ਆਰਥਿਕ ਤੌਰ 'ਤੇ ਕਮਜ਼ੋਰ 50 ਲੜਕੀਆਂ ਦੀ ਸਿੱਖਿਆ ਦਾ ਸਾਰਾ ਖ਼ਰਚਾ ਬਾਦਸ਼ਾਹ ਖੁਦ ਚੁੱਕਣਗੇ।
ਸਸ਼ਕਤੀਕਰਨ ਗੀਤ: ਅਗਲੇ ਚਾਰ ਮਹੀਨਿਆਂ ਦੇ ਅੰਦਰ ਉਹ ਔਰਤਾਂ ਦੇ ਸਸ਼ਕਤੀਕਰਨ 'ਤੇ ਆਧਾਰਿਤ ਇੱਕ ਸਕਾਰਾਤਮਕ ਗੀਤ ਤਿਆਰ ਕਰਨਗੇ।
ਸਮਾਜਿਕ ਸੇਵਾ: ਮਹਿਲਾਵਾਂ ਦੇ ਹੱਕਾਂ ਅਤੇ ਜਾਗਰੂਕਤਾ ਲਈ ਚਲਾਏ ਜਾਣ ਵਾਲੇ ਮੁਹਿੰਮਾਂ ਵਿੱਚ ਸਰਗਰਮ ਹਿੱਸਾ ਲੈਣਗੇ।
ਬਾਦਸ਼ਾਹ ਨੇ ਪਹਿਲਾਂ ਇੱਕ ਵੀਡੀਓ ਸੰਦੇਸ਼ ਰਾਹੀਂ ਵੀ ਸਪੱਸ਼ਟ ਕੀਤਾ ਸੀ ਕਿ ਉਹ ਖੁਦ ਹਰਿਆਣਾ ਦੇ ਜੰਮਪਲ ਹਨ ਅਤੇ ਹਰਿਆਣਵੀ ਸੱਭਿਆਚਾਰ ਦਾ ਬਹੁਤ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਗੀਤ ਵਿੱਚ ਵਰਤੇ ਗਏ ਕੁਝ ਸ਼ਬਦਾਂ ਦਾ ਗਲਤ ਮਤਲਬ ਕੱਢਿਆ ਗਿਆ, ਪਰ ਉਨ੍ਹਾਂ ਦਾ ਇਰਾਦਾ ਕਿਸੇ ਵੀ ਔਰਤ ਜਾਂ ਬੱਚੇ ਪ੍ਰਤੀ ਅਸ਼ਲੀਲਤਾ ਫੈਲਾਉਣਾ ਨਹੀਂ ਸੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ 'ਹਰਿਆਣੇ ਦਾ ਪੁੱਤਰ' ਸਮਝ ਕੇ ਮੁਆਫ਼ ਕਰ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ 1 ਮਾਰਚ ਨੂੰ ਰਿਲੀਜ਼ ਹੋਏ ਇਸ ਗੀਤ 'ਤੇ ਕਈ ਸਮਾਜਿਕ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਜੀਂਦ ਅਤੇ ਪੰਚਕੂਲਾ ਵਿੱਚ ਕੁੱਲ 3 FIR ਦਰਜ ਕੀਤੀਆਂ ਗਈਆਂ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਚਕੂਲਾ ਪੁਲਿਸ ਨੇ ਪਹਿਲਾਂ ਹੀ ਇਸ ਗੀਤ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਸੀ। ਬਾਦਸ਼ਾਹ ਦੇ ਵਕੀਲ ਅਕਸ਼ੈ ਦਹੀਆ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੇ ਕਮਿਸ਼ਨ ਦੇ ਹਰ ਨਿਰਦੇਸ਼ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਹ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਲਈ ਵਚਨਬੱਧ ਹਨ।
Get all latest content delivered to your email a few times a month.