ਤਾਜਾ ਖਬਰਾਂ
ਬਠਿੰਡਾ ਜ਼ਿਲ੍ਹੇ ਦੇ ਮਹਿਮਾ ਸਰਜਾ ਪਿੰਡ ਵਿੱਚ ਘਰੇਲੂ ਜ਼ਮੀਨ ਅਤੇ ਖੇਤੀਬਾੜੀ ਮਸ਼ੀਨਰੀ ਦੀ ਵੰਡ ਨੂੰ ਲੈ ਕੇ ਮਾਂ-ਪੁੱਤਰ ਵਿਚਕਾਰ ਤਣਾਅ ਨੇ ਭਿਆਨਕ ਰੂਪ ਧਾਰ ਲਿਆ। ਜਾਣਕਾਰੀ ਮੁਤਾਬਕ, ਪੁੱਤਰ ਕੁਲਦੀਪ ਸਿੰਘ ਟਰੈਕਟਰ ਚਲਾ ਰਿਹਾ ਸੀ, ਜਦਕਿ ਉਸਦੀ ਬਜ਼ੁਰਗ ਮਾਂ ਨਸੀਬ ਕੌਰ ਟਰੈਕਟਰ ਅੱਗੇ ਲੇਟ ਗਈ। ਇਸ ਦੌਰਾਨ ਟਰੈਕਟਰ ਉਸਦੇ ਉੱਤੇ ਚੜ੍ਹ ਗਿਆ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ, ਹਾਲਾਂਕਿ ਉਹ ਜਾਨਲੇਵਾ ਹਾਦਸੇ ਤੋਂ ਬਚ ਗਈ।
ਘਟਨਾ ਤੋਂ ਬਾਅਦ ਦੋਸ਼ੀ ਪੁੱਤਰ ਨੇ ਟਰੈਕਟਰ ਰੋਕ ਕੇ ਮਾਂ ਨੂੰ ਹੇਠੋਂ ਖਿੱਚ ਕੇ ਪਾਸੇ ਕੀਤਾ, ਪਰ ਫਿਰ ਉਹ ਆਪਣੇ ਸਾਥੀ ਨਾਲ ਮਿਲ ਕੇ ਮੌਕੇ ਤੋਂ ਟਰੈਕਟਰ ਸਮੇਤ ਫਰਾਰ ਹੋ ਗਿਆ। ਇਹ ਸਾਰੀ ਦਹਿਲਾ ਦੇਣ ਵਾਲੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਸਾਫ਼ ਤੌਰ ‘ਤੇ ਕੈਦ ਹੋ ਗਈ ਹੈ, ਜਿਸ ਵਿੱਚ ਪੁੱਤਰ ਦੀ ਲਾਪਰਵਾਹੀ ਅਤੇ ਬੇਰਹਿਮੀ ਦਿੱਖ ਰਹੀ ਹੈ।
ਜ਼ਖਮੀ ਨਸੀਬ ਕੌਰ ਨੂੰ ਤੁਰੰਤ ਗੋਨਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਦੇ ਅੰਦਰੂਨੀ ਜਖਮਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮਾਮਲੇ ‘ਚ ਭੁੱਚੋ ਦੇ ਡੀਐਸਪੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਪੀੜਤ ਦਾ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੱਥਾਂ ਦੇ ਆਧਾਰ ‘ਤੇ ਦੋਸ਼ੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.