IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਨਿਊਜ਼ੀਲੈਂਡ ਕਤਲ ਕਾਂਡ: ਲੁਧਿਆਣਾ ਦੇ ਗੁਰਜੀਤ ਦੇ ਕਾਤਲ ਨੂੰ ਉਮਰ...

ਨਿਊਜ਼ੀਲੈਂਡ ਕਤਲ ਕਾਂਡ: ਲੁਧਿਆਣਾ ਦੇ ਗੁਰਜੀਤ ਦੇ ਕਾਤਲ ਨੂੰ ਉਮਰ ਕੈਦ, 17 ਸਾਲ ਤੱਕ ਨਹੀਂ ਮਿਲੇਗੀ ਪੈਰੋਲ

Admin User - Apr 04, 2026 01:23 PM
IMG

ਨਿਊਜ਼ੀਲੈਂਡ ਦੀ ਅਦਾਲਤ ਨੇ ਲੁਧਿਆਣਾ ਦੇ ਨੌਜਵਾਨ ਗੁਰਜੀਤ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਮਾਮਲੇ ਵਿੱਚ ਇਤਿਹਾਸਕ ਫੈਸਲਾ ਸੁਣਾਇਆ ਹੈ। ਅਦਾਲਤ ਨੇ ਜਲੰਧਰ ਨਾਲ ਸਬੰਧਤ ਦੋਸ਼ੀ ਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਸਾਢੇ 17 ਸਾਲ ਤੋਂ ਪਹਿਲਾਂ ਪੈਰੋਲ ਲਈ ਅਪੀਲ ਨਹੀਂ ਕਰ ਸਕੇਗਾ।


ਜ਼ਿਕਰਯੋਗ ਹੈ ਕਿ 29 ਜਨਵਰੀ, 2024 ਦੀ ਰਾਤ ਨੂੰ ਰਜਿੰਦਰ ਸਿੰਘ ਨੇ ਡੁਨੇਡਿਨ ਸਥਿਤ ਗੁਰਜੀਤ ਦੇ ਘਰ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਉਸ 'ਤੇ ਚਾਕੂ ਨਾਲ 46 ਵਾਰ ਕੀਤੇ ਸਨ। ਹਮਲੇ ਦੌਰਾਨ ਗੁਰਜੀਤ ਨੇ ਆਪਣੀ ਜਾਨ ਬਚਾਉਣ ਲਈ ਕਾਫੀ ਸੰਘਰਸ਼ ਕੀਤਾ, ਜਿਸ ਦੇ ਨਿਸ਼ਾਨ ਘਰ ਦੀਆਂ ਟੁੱਟੀਆਂ ਖਿੜਕੀਆਂ ਅਤੇ ਖਿੱਲਰੇ ਹੋਏ ਸ਼ੀਸ਼ਿਆਂ ਤੋਂ ਮਿਲੇ ਸਨ। ਦੋ ਸਾਲ ਤੱਕ ਚੱਲੀ ਕਾਨੂੰਨੀ ਕਾਰਵਾਈ ਤੋਂ ਬਾਅਦ ਅਖੀਰ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਿਆ ਹੈ।


ਜਸਟਿਸ ਡਨਿੰਗਹਮ ਨੇ ਫੈਸਲਾ ਸੁਣਾਉਂਦੇ ਹੋਏ ਰਜਿੰਦਰ ਸਿੰਘ ਨੂੰ ਨਾ ਸਿਰਫ਼ ਜੇਲ੍ਹ ਭੇਜਿਆ, ਸਗੋਂ ਪੀੜਤ ਪਰਿਵਾਰ ਅਤੇ ਮ੍ਰਿਤਕ ਦੀ ਵਿਧਵਾ ਨੂੰ 8,000 ਡਾਲਰ (ਲਗਭਗ 4 ਲੱਖ ਰੁਪਏ ਤੋਂ ਵੱਧ) ਦਾ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਹੈ। ਜਾਂਚ ਦੌਰਾਨ ਸੀਸੀਟੀਵੀ ਫੁਟੇਜ ਅਤੇ ਡੀਐਨਏ ਸਬੂਤਾਂ ਨੇ ਦੋਸ਼ੀ ਨੂੰ ਸਜ਼ਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।


ਗੁਰਜੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ 2016 ਵਿੱਚ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਨਿਊਜ਼ੀਲੈਂਡ ਗਿਆ ਸੀ। ਉਸ ਦੇ ਪਿਤਾ ਨਿਸ਼ਾਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਸੀ। ਅਦਾਲਤ ਵਿੱਚ ਆਪਣਾ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਕਿਹਾ:


ਨਾ ਮੇਰਾ ਪੁੱਤਰ ਰਿਹਾ ਤੇ ਨਾ ਹੀ ਮੇਰੀ ਜ਼ਮੀਨ ਬਚੀ। ਇਸ ਕਤਲ ਨੇ ਸਾਡੇ ਪਰਿਵਾਰ ਨੂੰ ਆਰਥਿਕ ਅਤੇ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।"


ਗੁਰਜੀਤ ਸਿੰਘ ਦਾ ਵਿਆਹ ਕਤਲ ਤੋਂ ਮਹਿਜ਼ ਅੱਠ ਮਹੀਨੇ ਪਹਿਲਾਂ ਹੋਇਆ ਸੀ। ਦੁਖਦ ਪਹਿਲੂ ਇਹ ਹੈ ਕਿ ਉਸ ਦੀ ਪਤਨੀ ਵੀਜ਼ਾ ਮਿਲਣ ਤੋਂ ਬਾਅਦ ਉਸ ਕੋਲ ਨਿਊਜ਼ੀਲੈਂਡ ਆਉਣ ਵਾਲੀ ਸੀ, ਪਰ ਉਸ ਦੇ ਪਹੁੰਚਣ ਤੋਂ ਸਿਰਫ਼ ਇੱਕ ਹਫ਼ਤੇ ਪਹਿਲਾਂ ਹੀ ਇਹ ਭਾਣਾ ਵਰਤ ਗਿਆ।


ਇਸ ਮੁਸ਼ਕਲ ਘੜੀ ਵਿੱਚ ਡੁਨੇਡਿਨ ਦੇ ਸਥਾਨਕ ਨਿਵਾਸੀਆਂ ਅਤੇ ਭਾਰਤੀ ਭਾਈਚਾਰੇ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ। "ਗਿਵਐਲਿਟਲ" (Givealittle) ਪੇਜ ਰਾਹੀਂ ਹਜ਼ਾਰਾਂ ਡਾਲਰ ਇਕੱਠੇ ਕੀਤੇ ਗਏ ਤਾਂ ਜੋ ਗੁਰਜੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾ ਸਕੇ ਅਤੇ ਉਸ ਦੇ ਬਜ਼ੁਰਗ ਮਾਪਿਆਂ ਦੀ ਆਰਥਿਕ ਮਦਦ ਕੀਤੀ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.