ਤਾਜਾ ਖਬਰਾਂ
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਪਾਰਟੀ ਹਾਈਕਮਾਂਡ ਵਿਚਾਲੇ ਦੂਰੀਆਂ ਹੁਣ ਖੁੱਲ੍ਹ ਕੇ ਸਾਹਮਣੇ ਆ ਗਈਆਂ ਹਨ। ਰਾਜ ਸਭਾ ਵਿੱਚ ਪਾਰਟੀ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਚੱਢਾ ਨੇ ਪਹਿਲੀ ਵਾਰ ਜਨਤਕ ਤੌਰ 'ਤੇ ਆਪਣਾ ਦਰਦ ਬਿਆਨ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇੱਕ ਭਾਵੁਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਉਨ੍ਹਾਂ ਨੇ ਪਾਰਟੀ ਦੇ ਫੈਸਲੇ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਵੀਡੀਓ ਵਿੱਚ ਰਾਘਵ ਚੱਢਾ ਨੇ ਸਿੱਧੇ ਤੌਰ 'ਤੇ ਪਾਰਟੀ ਲੀਡਰਸ਼ਿਪ ਨੂੰ ਨਿਸ਼ਾਨੇ 'ਤੇ ਲੈਂਦਿਆਂ ਪੁੱਛਿਆ ਕਿ ਕੀ ਸੰਸਦ ਵਿੱਚ ਆਮ ਲੋਕਾਂ ਦੀ ਆਵਾਜ਼ ਬਣਨਾ ਕੋਈ ਅਪਰਾਧ ਹੈ? ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਨੇ ਸੰਸਦ ਨੂੰ ਲਿਖਤੀ ਤੌਰ 'ਤੇ ਕਿਹਾ ਹੈ ਕਿ ਉਨ੍ਹਾਂ (ਰਾਘਵ ਚੱਢਾ) ਨੂੰ ਬੋਲਣ ਦਾ ਮੌਕਾ ਨਾ ਦਿੱਤਾ ਜਾਵੇ। ਚੱਢਾ ਨੇ ਸਵਾਲ ਕੀਤਾ, "ਕੋਈ ਮੈਨੂੰ ਬੋਲਣ ਤੋਂ ਕਿਉਂ ਰੋਕਣਾ ਚਾਹੇਗਾ? ਜਦੋਂ ਵੀ ਮੈਂ ਬੋਲਦਾ ਹਾਂ, ਮੈਂ ਮੱਧ ਵਰਗ ਅਤੇ ਆਮ ਇਨਸਾਨ ਦੇ ਹੱਕਾਂ ਦੀ ਗੱਲ ਕਰਦਾ ਹਾਂ।"
ਆਪਣੀ ਚੁੱਪੀ ਤੋੜਦਿਆਂ ਰਾਘਵ ਨੇ ਉਨ੍ਹਾਂ ਮੁੱਦਿਆਂ ਦੀ ਸੂਚੀ ਸਾਂਝੀ ਕੀਤੀ ਜੋ ਉਨ੍ਹਾਂ ਨੇ ਸਦਨ ਵਿੱਚ ਉਠਾਏ ਸਨ:
ਮਹਿੰਗਾਈ ਤੇ ਟੈਕਸ: ਹਵਾਈ ਅੱਡਿਆਂ 'ਤੇ ਮਹਿੰਗਾ ਖਾਣਾ ਅਤੇ ਮੱਧ ਵਰਗ 'ਤੇ ਟੈਕਸਾਂ ਦਾ ਵਧਦਾ ਬੋਝ।
ਡਿਜੀਟਲ ਲੁੱਟ: ਟੈਲੀਕਾਮ ਕੰਪਨੀਆਂ ਵੱਲੋਂ 12 ਮਹੀਨਿਆਂ ਵਿੱਚ 13 ਵਾਰ ਰੀਚਾਰਜ ਕਰਵਾਉਣ ਅਤੇ ਡੇਟਾ ਰੋਲਓਵਰ ਨਾ ਦੇਣ ਵਰਗੇ ਮੁੱਦੇ।
ਡਿਲੀਵਰੀ ਪਾਰਟਨਰਜ਼: ਜ਼ੋਮੈਟੋ ਅਤੇ ਬਲਿੰਕੇਟ ਦੇ ਰਾਈਡਰਾਂ ਨੂੰ ਦਰਪੇਸ਼ ਮੁਸ਼ਕਲਾਂ।
ਹੋਰ ਮੁੱਦੇ: ਟੋਲ ਪਲਾਜ਼ਾ ਦੀ ਲੁੱਟ, ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਅਤੇ ਬੈਂਕ ਚਾਰਜਿਜ਼।
ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਨਾਲ ਜਨਤਾ ਦਾ ਫਾਇਦਾ ਹੋਇਆ ਹੈ, ਪਰ ਸ਼ਾਇਦ ਪਾਰਟੀ ਦੇ ਕੁਝ ਲੋਕਾਂ ਨੂੰ ਇਹ ਰਾਸ ਨਹੀਂ ਆਇਆ।
ਰਾਘਵ ਚੱਢਾ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ, "ਤੁਸੀਂ ਮੈਨੂੰ ਹਮੇਸ਼ਾ ਪਿਆਰ ਅਤੇ ਹੌਸਲਾ ਦਿੱਤਾ ਹੈ। ਮੇਰਾ ਹੱਥ ਫੜੀ ਰੱਖਣਾ, ਮੈਂ ਤੁਹਾਡਾ ਹਾਂ ਅਤੇ ਤੁਹਾਡੇ ਲਈ ਹੀ ਲੜਦਾ ਰਹਾਂਗਾ।" ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਕਰਾਰਾ ਜਵਾਬ ਦਿੱਤਾ ਜਿਨ੍ਹਾਂ ਨੇ ਉਨ੍ਹਾਂ ਦਾ ਬੋਲਣ ਦਾ ਅਧਿਕਾਰ ਖੋਹਿਆ ਹੈ, ਉਨ੍ਹਾਂ ਕਿਹਾ ਕਿ ਮੇਰੀ ਚੁੱਪੀ ਨੂੰ ਮੇਰੀ ਹਾਰ ਨਾ ਮੰਨਿਆ ਜਾਵੇ।
ਰਾਘਵ ਚੱਢਾ ਦੀ ਇਸ ਪ੍ਰਤੀਕਿਰਿਆ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ ਕਿ ਕੀ 'ਆਪ' ਵਿੱਚ ਸਭ ਕੁਝ ਠੀਕ ਨਹੀਂ ਹੈ? ਰਾਜ ਸਭਾ ਵਿੱਚ ਅਹੁਦੇ ਤੋਂ ਹਟਾਏ ਜਾਣ ਅਤੇ ਫਿਰ ਇਸ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆਉਣ ਨਾਲ ਪਾਰਟੀ ਦੇ ਅੰਦਰੂਨੀ ਅਨੁਸ਼ਾਸਨ 'ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ।
Get all latest content delivered to your email a few times a month.