IMG-LOGO
ਹੋਮ ਪੰਜਾਬ: ਲੁਧਿਆਣਾ 'ਚ ਦਿਨ-ਦਿਹਾੜੇ ਗੋਲੀਬਾਰੀ: ਮੋਬਾਈਲ ਦੁਕਾਨ 'ਚ ਲੁੱਟ ਦੀ ਕੋਸ਼ਿਸ਼,...

ਲੁਧਿਆਣਾ 'ਚ ਦਿਨ-ਦਿਹਾੜੇ ਗੋਲੀਬਾਰੀ: ਮੋਬਾਈਲ ਦੁਕਾਨ 'ਚ ਲੁੱਟ ਦੀ ਕੋਸ਼ਿਸ਼, ਬਹਾਦਰ ਗੁਆਂਢੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

Admin User - Apr 03, 2026 01:02 PM
IMG

ਉਦਯੋਗਿਕ ਨਗਰੀ ਲੁਧਿਆਣਾ ਦੇ ਮਾਧੋਪੁਰੀ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਇੱਕ ਮੋਬਾਈਲ ਫੋਨ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਇਸ ਖੂਨੀ ਵਾਰਦਾਤ ਦੌਰਾਨ ਲੁਟੇਰਿਆਂ ਨੇ ਗੋਲੀ ਚਲਾ ਕੇ ਦੁਕਾਨਦਾਰ ਨੂੰ ਜ਼ਖਮੀ ਕਰ ਦਿੱਤਾ ਅਤੇ ਬਚਾਅ ਲਈ ਆਏ ਇੱਕ ਗੁਆਂਢੀ 'ਤੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ।


ਘਟਨਾ 'ਸਾਹਿਲ ਟੈਲੀਕਾਮ' ਨਾਮੀ ਦੁਕਾਨ 'ਤੇ ਵਾਪਰੀ, ਜਿੱਥੇ ਮਾਲਕ ਮੁਹੰਮਦ ਅੰਜਾਰ ਆਲਮ ਇਕੱਲਾ ਮੌਜੂਦ ਸੀ। ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ਾਂ ਨੇ ਦੁਕਾਨ ਵਿੱਚ ਦਾਖਲ ਹੁੰਦਿਆਂ ਹੀ ਲੁੱਟ-ਖੋਹ ਸ਼ੁਰੂ ਕਰ ਦਿੱਤੀ। ਜਦੋਂ ਅੰਜਾਰ ਆਲਮ ਨੇ ਬਹਾਦਰੀ ਨਾਲ ਉਨ੍ਹਾਂ ਦਾ ਵਿਰੋਧ ਕੀਤਾ, ਤਾਂ ਲੁਟੇਰਿਆਂ ਨੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ, ਜੋ ਅੰਜਾਰ ਦੇ ਸੱਜੇ ਹੱਥ ਵਿੱਚ ਲੱਗੀ।


ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀ ਕਰਿਆਨਾ ਦੁਕਾਨਦਾਰ ਨਿੱਕੂ ਤੁਰੰਤ ਮਦਦ ਲਈ ਮੌਕੇ 'ਤੇ ਪਹੁੰਚਿਆ। ਨਿੱਕੂ ਨੂੰ ਦੇਖ ਕੇ ਲੁਟੇਰੇ ਘਬਰਾ ਗਏ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਘਿਰਿਆ ਹੋਇਆ ਦੇਖ ਕੇ ਨਿੱਕੂ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ।


ਸ਼ੋਰ ਸੁਣ ਕੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਲੁਟੇਰਿਆਂ ਨੂੰ ਘੇਰ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਬਦਮਾਸ਼ ਮੋਟਰਸਾਈਕਲ ਤੋਂ ਡਿੱਗ ਗਏ। ਇੱਕ ਲੁਟੇਰਾ ਮੌਕੇ ਤੋਂ ਪੈਦਲ ਹੀ ਫਰਾਰ ਹੋ ਗਿਆ, ਜਦਕਿ ਦੂਜੇ ਨੇ ਪਿਸਤੌਲ ਦਿਖਾ ਕੇ ਮੋਟਰਸਾਈਕਲ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਲੋਕਾਂ ਦੇ ਭਾਰੀ ਵਿਰੋਧ ਕਾਰਨ ਉਹ ਵੀ ਮੋਟਰਸਾਈਕਲ ਉੱਥੇ ਹੀ ਛੱਡ ਕੇ ਭੱਜਣ ਵਿੱਚ ਕਾਮਯਾਬ ਰਿਹਾ।


ਇਸ ਪੂਰੀ ਘਟਨਾ ਨੂੰ ਇੱਕ ਸਥਾਨਕ ਨਿਵਾਸੀ ਨੇ ਆਪਣੇ ਮੋਬਾਈਲ ਵਿੱਚ ਕੈਦ ਕਰ ਲਿਆ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲੁਟੇਰਿਆਂ ਦਾ ਮੋਟਰਸਾਈਕਲ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਤੇ ਵਾਇਰਲ ਵੀਡੀਓ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.